ਮੋਗਾ ਪੁਲਿਸ ਦੀ ਨਾਜਾਇਜ਼ ਕਬਜਿਆਂ ’ਤੇ ਕਾਰਵਾਈ/ ਨਗਰ ਨਿਗਮ ਦੀ ਮਦਦ ਨਾਲ ਹਟਾਏ ਨਾਜਾਇਜ਼ ਕਬਜ਼ੇ

0
23

ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਅਤੇ ਸੜਕ ਹਾਦਸਿਆਂ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ।  132 ਕੇਵੀ ਬਿਜਲੀ ਸਬਸਟੇਸ਼ਨ ਦੇ ਬਾਹਰ ਕੀਤੇ ਗਏ ਗੈਰਕਾਨੂੰਨੀ ਕਬਜ਼ਿਆਂ ਨੂੰ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਮੇਅਰ ਦੀਆਂ ਹਦਾਇਤਾਂ ਅਨੁਸਾਰ ਹਟਾਇਆ ਗਿਆ। ਇਸ ਦੌਰਾਨ ਉਥੇ ਮੌਜੂਦ ਸਾਰਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਨੇ ਦੱਸਿਆ ਕਿ 132 ਕੇਵੀ ਬਿਜਲੀ ਘਰ ਦੇ ਬਾਹਰ ਕਾਫ਼ੀ ਸਮੇਂ ਤੋਂ ਗੈਰਕਾਨੂੰਨੀ ਕਬਜਾ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਟਰੈਫਿਕ ਪੁਲਿਸ ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇੱਥੇ ਬਰਗਰ ਅਤੇ ਪੀਜ਼ਾ ਵੇਚਣ ਵਾਲੇ ਆਪਣੀਆਂ ਟਰਾਲੀਆਂ ਨੂੰ ਸੜਕ ਦੇ ਕਿਨਾਰੇ ਖੜੀਆਂ ਕਰਕੇ ਆਪਣਾ ਕਾਰੋਬਾਰ ਚਲਾ ਰਹੇ ਸਨ, ਜਿਸ ਕਾਰਨ ਸ਼ਾਮ ਸਮੇਂ ਭਾਰੀ ਟ੍ਰੈਫਿਕ ਜਾਮ ਲੱਗ ਜਾਂਦਾ ਸੀ ਅਤੇ ਗੈਰਕਾਨੂੰਨੀ ਪਾਰਕਿੰਗ ਵੀ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਪਹਿਲਾਂ ਇਨਾ ਨੂੰ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਗਈ ਸੀ ਅਤੇ ਆਪਣੇ ਵਾਹਨ ਤੇ ਸਾਮਾਨ ਹਟਾਉਣ ਦੇ ਹੁਕਮ ਵੀ ਕੀਤੇ ਗਏ ਸਨ, ਪਰ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਸਖ਼ਤ ਕਾਰਵਾਈ ਕਰਨੀ ਪਈ।
ਅੱਜ ਨਗਰ ਨਿਗਮ ਦੇ ਮੇਅਰ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਮਿਲੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਪੁਲਿਸ ਇੰਚਾਰਜ ਸਬ ਇੰਸਪੈਕਟਰ ਸੁਖਮੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਗੈਰਕਾਨੂੰਨੀ ਕਬਜ਼ੇ ਹਟਾਏ ਗਏ ਅਤੇ ਸਾਰਾ ਸਾਮਾਨ ਜ਼ਬਤ ਕੀਤਾ ਗਿਆ। ਸੁਮਨ ਕੁਮਾਰ ਨੇ ਦੱਸਿਆ ਕਿ ਟ੍ਰੈਫਿਕ ਭੀੜ ਕਾਰਨ ਇਸ ਥਾਂ ’ਤੇ ਕਈ ਵਾਰ ਸੜਕ ਹਾਦਸੇ ਵਾਪਰ ਚੁੱਕੇ ਹਨ। ਪਹਿਲਾਂ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਦਿਨ ਪਹਿਲਾਂ ਇੱਕ ਸਾਈਕਲ ਸਵਾਰ ਦੀ ਵੀ ਜਾਨ ਗਈ ਸੀ। ਨਗਰ ਨਿਗਮ ਵੱਲੋਂ ਦੋਸ਼ੀਆਂ ਖ਼ਿਲਾਫ਼ ਨਿਗਮ ਐਕਟ ਤਹਿਤ ਕਾਨੂੰਨੀ ਕਾਰਵਾਈ ਕਰਦੇ ਹੋਏ ਚਾਲਾਨ ਵੀ ਕੱਟੇ ਗਏ ਹਨ।
ਜਾਣਕਾਰੀ ਦਿੰਦਿਆਂ ਟਰੈਫਿਕ ਵਿਭਾਗ ਦੇ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਲਗਭਗ ਦੋ ਮਹੀਨੇ ਪਹਿਲਾਂ ਇਸ ਸਥਾਨ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਇੱਕ ਵੈਟਰਨਰੀ ਡਾਕਟਰ ਦੀ ਮੌਤ ਹੋ ਗਈ ਸੀ, ਜਦਕਿ ਦੂਜਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਪਰਸੋਂ ਵੀ ਇਥੇ ਸੜਕ ’ਤੇ ਗੱਡੀਆਂ ਗਲਤ ਢੰਗ ਨਾਲ ਖੜੀਆਂ ਕਰਨ ਕਾਰਨ ਫਿਰ ਇੱਕ ਹੋਰ ਸੜਕ ਹਾਦਸਾ ਵਾਪਰ ਗਿਆ। ਕੇਵਲ ਸਿੰਘ ਨੇ ਦੱਸਿਆ ਕਿ ਅੱਜ ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਫੋਨ ਕੀਤਾ ਗਿਆ ਸੀ ਕਿ ਇਸ ਮੁਹਿੰਮ ਵਿੱਚ ਸਾਂਝੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟਰੈਫਿਕ ਵਿਭਾਗ ਦੀ ਡਿਊਟੀ ਟਰੈਫਿਕ ਨੂੰ ਕੰਟਰੋਲ ਕਰਨੀ ਹੈ, ਜਦਕਿ ਨਗਰ ਨਿਗਮ ਦੀ ਜ਼ਿੰਮੇਵਾਰੀ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਰਾਤ ਦੇ ਹਨੇਰੇ ਵਿੱਚ ਮੇਨ ਰੋਡ ’ਤੇ ਗੱਡੀਆਂ ਅਤੇ ਮੋਟਰਸਾਈਕਲਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ, ਜੋ ਕਿ ਹਾਦਸਿਆਂ ਦਾ ਮੁੱਖ ਕਾਰਨ ਬਣਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਵੱਲੋਂ ਹਰ ਹਫਤੇ ਦੁਕਾਨਦਾਰਾਂ ਅਤੇ ਰੇਹੜੀ ਲਗਾਉਣ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਸੀ ਕਿ ਉਹ ਆਪਣੀਆਂ ਗੱਡੀਆਂ ਅਤੇ ਫੜੀਆਂ ਪਿੱਛੇ ਕਰ ਲੈਣ, ਪਰ ਬਾਵਜੂਦ ਇਸ ਦੇ ਲੋਕਾਂ ਵੱਲੋਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਜਦੋਂ ਨਗਰ ਨਿਗਮ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਮੌਕੇ ’ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਲਿਆ।ਅਧਿਕਾਰੀ ਨੇ ਸਪਸ਼ਟ ਕੀਤਾ ਕਿ ਹੁਣ ਕਿਸੇ ਵੀ ਕੀਮਤ ’ਤੇ ਇਥੇ ਨਜਾਇਜ਼ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ ਅਤੇ ਗਲਤ ਢੰਗ ਨਾਲ ਵਾਹਨ ਖੜੇ ਕਰਨ ਵਾਲਿਆਂ ਖ਼ਿਲਾਫ਼ ਚਲਾਨ ਵੀ ਕੱਟੇ ਜਾਣਗੇ।

LEAVE A REPLY

Please enter your comment!
Please enter your name here