ਅੰਮ੍ਰਿਤਸਰ ’ਚ ਆਪ ਆਗੂ ਤਲਬੀਰ ਗਿੱਲ ਦੀ ਪ੍ਰੈੱਸ ਕਾਨਫਰੰਸ/ ਅਮਰੀਕਾ ਨਾਲ ਵਪਾਰ ਸਮਝੌਤੇ ’ਤੇ ਚੁੱਕੇ ਵੱਡੇ ਸਵਾਲ/ ਕਿਸਾਨਾਂ ਨਾਲ ਧੋਖੇ ਦੇ ਇਲਜ਼ਾਮ

0
2

ਆਮ ਆਦਮੀ ਪਾਰਟੀ ਆਗੂ ਤਲਬੀਰ ਸਿੰਘ ਗਿੱਲ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਪੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤਲਬੀਰ ਗਿੱਲ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨਾਂ ਨਾਲ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ ਅਤੇ ਹੁਣ ਸਰਕਾਰ ਨੇ ਅਮਰੀਕਾ ਨਾਲ ਸਮਝੌਤੇ ਕਰ ਕੇ  ਕਿਸਾਨਾਂ ਤੇ ਮੁੜ ਹੱਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਅਮਰੀਕਾ ਨਾਲ ਡੀਲ ਕਰ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਕੁੱਝ ਨਹੀਂ ਕੀਤਾ ਤਾਂ ਉਸ ਨੂੰ ਇਸ ਸਮਝੌਤੇ ਬਾਰੇ ਕਿਸਾਨਾਂ ਦੇ ਸ਼ੰਕਿਆ ਦਾ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਕਿਸਾਨੀ ਨੂੰ ਖਤਮ ਕਰ ਕੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਤਲਬੀਰ ਗਿੱਲ ਨੇ ਕਿਹਾ ਕਿ ਜੇ ਇਹ ਨਵੇਂ ਸਮਝੌਤੇ ਲਾਗੂ ਹੋਏ ਤਾਂ ਇਹ ਮੁੜ ਕਾਲੇ ਖੇਤੀ ਕਾਨੂੰਨਾਂ ਵਰਗੀ ਸਥਿਤੀ ਪੈਦਾ ਕਰ ਸਕਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਦੇਸ਼ ਦੀ ਕਿਸਾਨੀ ਅਤੇ ਫਸਲਾਂ ਲਈ ਬਹੁਤ ਘਾਤਕ ਸਾਬਤ ਹੋਵੇਗਾ ਅਤੇ ਇਸ ਖ਼ਿਲਾਫ਼ ਸਾਰਿਆਂ ਨੂੰ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਖੜ੍ਹਨਾ ਪਵੇਗਾ।
ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਹਮਲਿਆਂ ’ਤੇ ਬੋਲਦਿਆਂ ਤਲਬੀਰ ਗਿੱਲ ਨੇ ਕਿਹਾ ਕਿ ਕਿਸੇ ਦੀ ਜ਼ਮਾਨਤ ਹੋਣਾ ਜਾਂ ਨਾ ਹੋਣਾ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਸ ਮਾਮਲੇ ’ਚ ਕੋਈ ਡਬਲ ਸਟੈਂਡਰਡ ਨਹੀਂ ਹੈ। ਸੱਚ ਅਤੇ ਝੂਠ ਦਾ ਫੈਸਲਾ ਅਦਾਲਤ ਟਰਾਇਲ ਦੌਰਾਨ ਕਰੇਗੀ ਅਤੇ ਪਾਰਟੀ ਅਦਾਲਤੀ ਫੈਸਲੇ ਦਾ ਸਤਿਕਾਰ ਕਰੇਗੀ। ਮਜੀਠਾ ਹਲਕੇ ਦੀ ਸਿਆਸਤ ਬਾਰੇ ਗੱਲ ਕਰਦਿਆਂ ਤਲਬੀਰ ਗਿੱਲ ਨੇ ਕਿਹਾ ਕਿ ਉਹ ਜਦੋਂ ਤੋਂ ਹਲਕਾ ਇੰਚਾਰਜ ਬਣੇ ਹਨ, ਮੈਦਾਨ ਖਾਲੀ ਨਹੀਂ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ’ਚੋਂ ਡਰ ਦਾ ਮਾਹੌਲ ਖਤਮ ਹੋ ਰਿਹਾ ਹੈ ਅਤੇ ਆਮ ਲੋਕ ਬਿਨਾਂ ਕਿਸੇ ਦਬਾਅ ਦੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।
ਸੋਸ਼ਲ ਮੀਡੀਆ ’ਤੇ ਹੋ ਰਹੀ ਟਰੋਲਿੰਗ ਬਾਰੇ ਤਲਬੀਰ ਗਿੱਲ ਨੇ ਕਿਹਾ ਕਿ ਟਰੋਲਿੰਗ ਸਿਰਫ ਮੋਬਾਈਲਾਂ ਤੱਕ ਸੀਮਿਤ ਹੈ, ਗਰਾਊਂਡ ’ਤੇ ਅਕਾਲੀ ਦਲ ਦੀ ਕੋਈ ਮੌਜੂਦਗੀ ਨਹੀਂ ਹੈ। ਉਨ੍ਹਾਂ ਕਿਹਾ ਕਿ 2015 ਦੀਆਂ ਬੇਅਦਬੀ ਘਟਨਾਵਾਂ ਤੋਂ ਬਾਅਦ ਲੋਕਾਂ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਤਲਬੀਰ ਗਿੱਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਈ ਵੱਡੇ ਖੁਲਾਸੇ ਸਾਹਮਣੇ ਆਉਣਗੇ ਅਤੇ ਭਾਜਪਾ ਨਾਲ ਗੱਠਜੋੜ ਸਬੰਧੀ ਸੱਚ ਵੀ ਜਨਤਾ ਦੇ ਸਾਹਮਣੇ ਆਵੇਗਾ। ਉਨ੍ਹਾਂ ਦੋਹਰਾਇਆ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਲੜਾਈ ਲੜਦੀ ਰਹੇਗੀ ਅਤੇ ਕਿਸਾਨਾਂ ਤੇ ਆਮ ਲੋਕਾਂ ਦੇ ਹੱਕਾਂ ਲਈ ਸੜਕ ਤੋਂ ਲੈ ਕੇ ਅਦਾਲਤ ਤੱਕ ਸੰਘਰਸ਼ ਕਰੇਗੀ।

LEAVE A REPLY

Please enter your comment!
Please enter your name here