ਫਰੀਦਕੋਟ ਦੇ ਆਪਣਾ ਘਰ ਆਸ਼ਰਮ ਦਾ ਨੇਕ ਉਪਰਾਲਾ/ ਬੇਸਹਾਰਾ ਬਿਮਾਰ ਬਜ਼ੁਰਗ ਦਾ ਕੀਤਾ ਰੈਸਕਿਉ

0
1

ਫਰੀਦਕੋਟ ਦੀ ਸਮਾਜ ਸੇਵੀ ਸੰਸਥਾ ਆਪਣਾ ਘਰ ਆਸ਼ਰਮ ਦੀ ਟੀਮ ਅੱਜ ਸ਼ਹਿਰ ਦੀ ਪੰਚਵਟੀ ਗਊਸ਼ਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਕਈ ਦਿਨਾਂ ਤੋਂ ਲਾਵਾਰਿਸ ਹਾਲਤ ਵਿਚ ਪਏ ਬਜ਼ੁਰਗ ਦਾ ਰੈਸਕਿਊ ਕੀਤਾ। ਟੀਮ ਦੇ ਦੱਸਣ ਮੁਤਾਬਕ ਪਰਵਾਸੀ ਪਰਿਵਾਰ ਨਾਲ ਸਬੰਧਤ ਇਹ ਬਜ਼ੁਰਗ ਬੇਹੱਦ ਮਾੜੀ ਹਾਲਤ ਵਿਚ ਹੈ। ਇਸ ਬਜ਼ੁਰਗ ਦੇ ਪਰਿਵਾਰ ਵਿਚ ਕੋਈ ਨਹੀਂ ਹੈ, ਜਿਸ ਦੇ ਚਲਦਿਆਂ ਇਹ ਕਈ ਦਿਨਾਂ ਤੋਂ ਪੰਚਵਟੀ ਗਊਸ਼ਾਲਾ ਅੰਦਰ ਪਿਆ ਸੀ। ਆਪਣਾ ਘਰ ਸੰਸਥਾ ਵੱਲੋਂ ਇਸ ਬਜ਼ੁਰਗ ਦੇ ਇਲਾਜ ਦੇ ਨਾਲ ਨਾਲ ਇਸ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਪਣਾ ਘਰ ਆਸ਼ਰਮ ਫਰੀਦਕੋਟ ਦੇ ਪ੍ਰਧਾਨ ਕੇਵਲ ਕਿਸ਼ਨ ਕਟਾਰੀਆ ਨੇ ਦੱਸਿਆ ਕਿ ਉਹਨਾਂ ਨੂੰ ਪੰਚਵਟੀ ਗਊਸ਼ਾਲਾ ਦੇ ਪ੍ਰਧਾਨ ਸ੍ਰੀ ਪ੍ਰਦੀਪ ਸੂਰੀ ਜੀ ਦੀ ਇੱਕ ਕਾਲ ਆਈ ਸੀ ਜਿਨਾਂ ਨੇ ਇਸ ਬਜ਼ੁਰਗ ਬਾਰੇ ਦੱਸਿਆ ਅਤੇ ਜਦੋਂ ਸਾਡੀ ਟੀਮ ਨੇ ਆ ਕੇ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਇਹ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਰਹਿ ਰਿਹਾ ਹੈ। ਇਸ ਦੇ ਪਰਿਵਾਰਕ ਮੈਂਬਰਾਂ ਬਾਰੇ ਕੁਝ ਵੀ ਪਤਾ ਨਹੀਂ ਹੈ ਤੇ ਨਾ ਹੀ ਕਦੀ ਕਿਸੇ ਪਰਿਵਾਰਿਕ ਮੈਂਬਰ ਨੇ ਇਸ ਨਾਲ ਕੋਈ ਰਾਬਤਾ ਕਾਇਮ ਕੀਤਾ। ਹੁਣ ਇਹ ਬਜ਼ੁਰਗ ਹੋਣ ਦੇ ਚਲਦੇ ਕਾਫੀ ਬਿਮਾਰ ਰਹਿ ਰਿਹਾ ਸੀ ਅਤੇ ਜਿਸ ਦੇ ਚਲਦੇ ਇਹ ਕੰਮ ਕਾਜ ਤੋਂ ਵੀ ਨਕਾਰਾ ਹੋ ਚੁੱਕਾ ਸੀ।
ਉਹਨਾਂ ਦੱਸਿਆ ਕਿ ਹੁਣ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਪਹਿਲਾਂ ਪੁਲਿਸ ਨੂੰ ਸੂਚਨਾ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਇਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾਏਗਾ ਅਤੇ ਇਲਾਜ ਕਰਾਉਣ ਉਪਰੰਤ ਇਸ ਨੂੰ ਆਪਣਾ ਘਰ ਆਸ਼ਰਮ ਵਿੱਚ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਹੁਣ ਤੱਕ ਸਾਡੇ ਕੋਲੇ 54 ਦੇ ਕਰੀਬ ਅਜਿਹੇ ਵਿਅਕਤੀ ਹਨ ਜਿਹੜੇ ਕਿ ਬੇਸਹਾਰਾ ਹਨ ਉਹਨਾਂ ਦਾ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਆਸ਼ਰਮ ਵੱਲੋਂ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਸਰਕਾਰੀ ਸੰਸਥਾ ਤੋਂ ਉਹਨਾਂ ਨੂੰ ਇਸ ਸਬੰਧੀ ਕੋਈ ਮਾਲੀ ਮਦਦ ਨਹੀਂ ਮਿਲਦੀ। ਲੋਕਾਂ ਦੀ ਮਦਦ ਦੇ ਨਾਲ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਆਸ਼ਰਮ ਦਾ ਕੰਮਕਾਜ ਚੱਲ ਰਿਹਾ ਹੈ।
ਉਹਨਾਂ ਦੱਸਿਆ ਕਿ ਜਦੋਂ ਕਿਸੇ ਵੀ ਲਾਚਾਰ ਵਿਅਕਤੀ ਦੇ ਪਰਿਵਾਰ ਦਾ ਪਤਾ ਚੱਲਦਾ ਹੈ ਤਾਂ ਅਸੀਂ ਤੁਰੰਤ ਉਸ ਨਾਲ ਰਾਬਤਾ ਕਾਇਮ ਕਰਕੇ ਉਸਨੂੰ ਉਸਦੇ ਪਰਿਵਾਰ ਤੱਕ ਪਹੁੰਚਾਉਂਦੇ ਹਾਂ ਅਤੇ ਜੇਕਰ ਉਸ ਦਾ ਪਰਿਵਾਰ ਉਸਨੂੰ ਲਿਜਾਣ ਵਿੱਚ ਰਾਜ਼ੀ ਨਹੀਂ ਹੁੰਦਾ ਤਾਂ ਉਸ ਨੂੰ ਅਸੀਂ ਪੱਕੇ ਤੌਰ ਤੇ ਆਸ਼ਰਮ ਵਿੱਚ ਜਗਹਾ ਦਿੰਦੇ ਹਾਂ।

LEAVE A REPLY

Please enter your comment!
Please enter your name here