ਸੰਗਰੂਰ ’ਚ ਆਂਗਣਵਾੜੀ ਵਰਕਰਾਂ ਦਾ ਪ੍ਰਦਰਸ਼ਨ/ ਕੇਂਦਰ ਦੇ ਬਜਟ ਨੂੰ ਲੈ ਕੇ ਜ਼ਾਹਰ ਕੀਤੀ ਨਰਾਜਗੀ

0
1

ਪਹਿਲਾਂ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆਂਗਣਵਾੜੀ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਜਟ ֜ਤੇ ਨਰਾਜਗੀ ਜਾਹਰ ਕੀਤੀ ਹੈ। ਇਸੇ ਨੂੰ ਲੈ ਕੇ ਵਰਕਰਾਂ ਨੇ ਸੰਗਰੂਰ ਵਿਖੇ ਬਜਟ ਦੀਆਂ ਕਾਪੀਆਂ ਫੂਕ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇੱਥੇ ਪ੍ਰਦਰਸ਼ਨ ਕਰ ਰਹੇ ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਈਸੀਡੀਐਸ ਦੇ 50 ਸਾਲ ਪੂਰੇ ਹੋਣ ਉਤੇ ਕੇਂਦਰ ਦੇ ਬਜਟ ਵਿਚ ਕੁੱਝ ਚੰਗਾ ਹੋਣ ਦੀ ਉਮੀਦ ਸੀ ਪਰ ਸਰਕਾਰ ਦੇ ਬਜਟ ਨੇ ਆਗਣਵਾੜੀ ਵਰਕਰਾਂ ਸਮੇਤ ਸਾਰੇ ਵਰਗਾਂ ਨੂੰ ਨਿਰਾਸ਼ ਕੀਤਾ ਐ, ਜਿਸ ਦੇ ਚਲਦਿਆਂ ਅੱਜ ਬਜਟ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟਾਇਆ ਗਿਆ ਹੈ।
ਆਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਸਾਨੂੰ ਲੱਗਿਆ ਕਿ ਸ਼ਾਇਦ ਬਜਟ ਵਾਲੇ ਦਿਨ ਸਾਡੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਸਾਡੇ ਲਈ ਕੋਈ ਖਾਸ ਤੋਹਫ਼ਾ ਲੈ ਕੇ ਆਉਣਗੇ, ਪਰ ਨਹੀਂ। ਇਹ ਬਜਟ ਵੀ ਪਿਛਲੇ ਬਜਟ ਵਾਂਗ ਲੋਕ-ਵਿਰੋਧੀ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਵਿਰੁੱਧ ਨਿਕਲਿਆ। ਨਾ ਹੀ ਮਾਣ-ਭੱਤੇ ਵਿੱਚ ਇੱਕ ਰੁਪਏ ਦਾ ਵਾਧਾ ਹੋਇਆ ਅਤੇ ਨਾ ਹੀ ਕਿਸੇ ਕਿਸਮ ਦੀ ਸਮਾਜਿਕ ਸੁਰੱਖਿਆ ਦਾ ਐਲਾਨ ਕੀਤਾ ਗਿਆ।
ਇਸਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਅਪ੍ਰੈਲ 2022 ਵਿੱਚ ਜਾਰੀ ਕੀਤੇ ਗਏ ਹੁਕਮਾਂ ਤਹਿਤ 1972 ਦੇ ਐਕਟ ਤਹਿਤ ਵਰਕਰਾਂ ਅਤੇ ਹੈਲਪਰਾਂ ਨੂੰ ਗ੍ਰੈਚੂਟੀ ਦੇਣ ਦੀ ਗੱਲ ਕਹੀ ਗਈ ਸੀ, ਭਾਰਤ ਸਰਕਾਰ ਨੇ ਅਜੇ ਤੱਕ ਲਾਗੂ ਨਹੀਂ ਕੀਤਾ। ਵੱਖ-ਵੱਖ ਹਾਈ ਕੋਰਟਾਂ ਨੇ ਰਾਜ ਸਰਕਾਰਾਂ ਨੂੰ ਇਸ ਨੂੰ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ, ਪਰ ਭਾਰਤ ਸਰਕਾਰ ਨਾ ਤਾਂ ਹਾਈ ਕੋਰਟ ਦੇ ਹੁਕਮ ਮੰਨ ਰਹੀ ਹੈ ਅਤੇ ਨਾ ਹੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਕਰ ਰਹੀ ਹੈ।
ਇਸ ਦੇ ਉਲਟ, ਅੰਦੋਲਨਕਾਰੀਆਂ ‘ਤੇ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ ਅਤੇ ਲੇਬਰ ਕੋਡ ਬਦਲੇ ਜਾ ਰਹੇ ਹਨ। ਇਸ ਸਭ ਦੇ ਵਿਰੋਧ ਵਿੱਚ, ਅੱਜ ਆਂਗਣਵਾੜੀ ਵਰਕਰ ਹੈਲਪਰ ਫੈਡਰੇਸ਼ਨ ਵੱਲੋਂ ਪੂਰੇ ਹਿੰਦੁਸਤਾਨ ਵਿੱਚ ਬਜਟ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਲਿਆ ਗਿਆ ਸੀ, ਜਿਸ ਦੇ ਤਹਿਤ ਅੱਜ ਸੰਗਰੂਰ ਵਿੱਚ ਇਹ ਕਾਪੀ ਸਾੜੀ ਗਈ ਹੈ। ਕੱਲ੍ਹ ਨੂੰ ਇਹ ਕਾਪੀ ਜਲੰਧਰ ਵਿੱਚ ਅਤੇ ਪਰਸੋਂ ਮਲੋਟ ਵਿੱਚ ਸਾੜੀ ਜਾਵੇਗੀ। ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।
ਆਗਣਵਾੜੀ ਵਰਕਰਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ 12 ਫਰਵਰੀ ਨੂੰ ਦੇਸ਼ ਦੀਆਂ 10 ਟਰੇਡ ਯੂਨੀਅਨਾਂ ਵੱਲੋਂ ਇੱਕ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ, ਜਿਸ ਵਿੱਚ ਅਸੀਂ ਵੀ ਵੱਧ-ਚੜ੍ਹ ਕੇ ਹਿੱਸਾ ਲਵਾਂਗੇ। 14 ਫਰਵਰੀ ਤੋਂ 17 ਫਰਵਰੀ ਤੱਕ ਮਹਾਰਾਸ਼ਟਰ ਦੇ ਪੁਣੇ ਵਿੱਚ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਦੀ ਇੱਕ ਰਾਸ਼ਟਰੀ ਕਾਨਫਰੰਸ ਹੋਣ ਜਾ ਰਹੀ ਹੈ, ਜਿਸ ਵਿੱਚ 27 ਰਾਜ ਕਮੇਟੀਆਂ (ਜਿਨ੍ਹਾਂ ਵਿੱਚ 24 ਰਾਜ ਕਮੇਟੀਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ – ਅੰਡੇਮਾਨ ਨਿਕੋਬਾਰ, ਪਾਂਡੀਚੇਰੀ ਅਤੇ ਚੰਡੀਗੜ੍ਹ) ਸ਼ਾਮਲ ਹੋਣਗੀਆਂ। ਇਸ ਕਾਨਫਰੰਸ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਹੋਏ ਅੰਦੋਲਨਾਂ, ਪ੍ਰਾਪਤੀਆਂ ਅਤੇ ਦਰਜ ਕੀਤੇ ਗਏ ਕੇਸਾਂ ਬਾਰੇ ਚਰਚਾ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਅਸੀਂ ਸਰਕਾਰ ਵਿਰੁੱਧ ਇੱਕ ਤਿੱਖਾ ਅੰਦੋਲਨ ਛੇੜਾਂਗੇ ਅਤੇ ਇਸ ਸੰਘਰਸ਼ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।

LEAVE A REPLY

Please enter your comment!
Please enter your name here