ਨਾਭਾ ਜੇਲ੍ਹ ’ਚੋਂ ਬਾਹਰ ਆਏ ਬਿਕਰਮ ਮਜੀਠੀਆ/ ਸਰਕਾਰ ਵੱਲ ਸਾਧੇ ਤਿੱਖੇ ਨਿਸ਼ਾਨੇ/ ਮੁੱਛਾਂ ਨੂੰ ਤਾਅ ਦੇਂਦਿਆਂ ਕੀਤੇ ਸਿਆਸੀ ਹਮਲੇ

0
5

ਪਿਛਲੇ 7 ਮਹੀਨਿਆਂ ਤੋਂ ਜੇਲ੍ਹ ਅੰਦਰ ਬੰਦ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਨਾਭਾ ਜੇਲ੍ਹ ਵਿਚੋਂ ਬਾਹਰ ਆ ਗਏ ਹਨ। ਮਜੀਠੀਆ ਦੀ ਰਿਹਾਈ ਮੌਕੇ ਵੱਡੀ ਗਿਣਤੀ ਅਕਾਲੀ ਵਰਕਰ ਪਹੁੰਚੇ ਹੋਏ ਸਨ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੇ ਸਰਕਾਰ ਖਿਲਾਫ ਹਮਲਾਵਰ ਰੁਖ ਅਪਨਾਉਂਦਿਆਂ ਮੁੱਛਾਂ ਨੂੰ ਤਾਅ ਦਿੱਤਾ। ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਦਾ ਵੱਸ ਚੱਲਦਾ ਤਾਂ ਉਹ ਉਸ ਨੂੰ ਸਾਰੀ ਉਮਰ ਲਈ ਜੇਲ੍ਹ ਅੰਦਰ ਬੰਦ ਕਰੀ ਰੱਖਦੀ ਪਰ ਸਮਰਥਕਾਂ ਦੇ ਅਰਦਾਸਾਂ ਤੇ ਵਾਹਿਗੁਰੂ ਦੀ ਮਿਹਰ ਸਦਕਾ ਉਹ ਬਾਹਰ ਆਉਣ ਵਿਚ ਕਾਮਯਾਬਪ ਹੋਏ ਹਨ।
ਚਿੱਟੇ ਕੁੜਤੇ-ਪਜਾਮੇ ਵਿੱਚ ਬਾਹਰ ਨਿਕਲੇ ਮਜੀਠੀਆ ਨੇ ਜੇਲ੍ਹ ਦੇ ਮੁੱਖ ਗੇਟ ਤੱਕ ਪੈਦਲ ਆਉਣ ਤੋਂ ਬਾਅਦ ਮੀਡੀਆ ਅਤੇ ਸਮਰਥਕਾਂ ਦੇ ਰੂਬਰੂ ਹੁੰਦਿਆਂ ਸਰਕਾਰ ਵੱਲ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ, ‘ਸਰਕਾਰਾਂ ਚਾਹੁੰਦੀ ਸੀ ਕਿ ਮੈਂ ਜ਼ਿੰਦਾ ਬਾਹਰ ਹੀ ਨਾ ਆਵਾਂ ਪਰ ਪ੍ਰਮਾਤਮਾ ਦੀ ਮਿਹਰ ਸਦਕਾ ਬਾਹਰ ਆਏ ਹਨ। ਮਜੀਠੀਆ ਨੇ ਖੁਲਾਸਾ ਕੀਤਾ ਕਿ ਜਦੋਂ ਵੀ ਉਨ੍ਹਾਂ ਨੂੰ ਜੇਲ੍ਹ ਅੰਦਰ ਕੋਈ ਨਵਾਂ ਪਰਚਾ ਦਰਜ ਕਰਨ ਦਾ ਪਤਾ ਚੱਲਦਾ ਸੀ ਤਾਂ ਉਸ ਨੂੰ ਚਾਅ ਚੜ੍ਹ ਜਾਂਦਾ ਸੀ।
ਖੁੱਲ੍ਹੀ ਜੀਪ ਵਿੱਚ ਖੜ੍ਹ ਕੇ ਪੰਜਾਬ ਸਰਕਾਰ ਵੱਲ ਨਿਸ਼ਾਨਾ ਸੇਧਦਿਆਂ ਮਜੀਠੀਆ ਨੇ ਕਿਹਾ ਕਿ ਮੈਂ ਜੇਲ੍ਹ ਦੇ ਅੰਦਰ ਬੈਂਗਣ ਖਾ ਕੇ ਗੁਜ਼ਾਰਾ ਕੀਤਾ ਹੈ ਪਰ ਮੁੱਖ ਮੰਤਰੀ ਦਾ ਕੀ ਬਣੇਗਾ। ਮਜੀਠੀਆ ਨੇ ਮਜ਼ਾਕੀਆ ਲਹਿਜ਼ੇ ਵਿੱਚ ਬੋਲਦਿਆਂ ਕਿਹਾ ਕਿ ਉਨ੍ਹਾਂ ਗ੍ਰਿਫਤਾਰੀ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੇ ਸੂਤਰਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਕਾਲੀ ਆਗੂ ਨੇ ਮੁੱਖ ਮੰਤਰੀ ਵੱਲੋਂ ਹਾਲ ਹੀ ਵਿੱਚ ਸਾਂਝੇ ਕੀਤੇ ਇੱਕ ਟਵੀਟ ਬਾਰੇ ਟਿੱਪਣੀ ਵੀ ਕੀਤੀ।
ਮਜੀਠੀਆ ਨੇ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਚਰਨਜੀਤ ਸਿੰਘ ਚੰਨੀ, ਤਰੁਣ ਚੁੱਘ, ਹਰਸਿਮਰਤ ਬਾਦਲ ਅਤੇ ਸੁਖਪਾਲ ਖਹਿਰਾ ਦਾ ਨਾਮ ਲੈ ਕੇ ਮਾੜੇ ਸਮੇਂ ਵਿਚ ਸਾਥ ਦੇਣ ਲਈ ਧੰਨਵਾਦ ਕੀਤਾ।
ਉਧਰ ਬਿਕਰਮ ਮਜੀਠੀਆ ਦੀ ਰਿਹਾਈ ਨੇ ਪੰਜਾਬ ਦੀ ਸਿਆਸਤ ਵਿੱਚ ਹੋਰ ਗਰਮਾਹਟ ਲਿਆ ਦਿੱਤੀ ਹੈ। ਜੇਲ੍ਹ ਤੋਂ ਬਾਹਰ ਆਉਂਦੇ ਸਮੇਂ ਦੇ ਦ੍ਰਿਸ਼ ਸਿਆਸੀ ਹਲਕਿਆਂ ਅਤੇ ਸੋਸ਼ਲ ਮੀਡੀਆ ‘ਤੇ ਖਾਸ ਧਿਆਨ ਖਿੱਚ ਰਹੇ ਹਨ। ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਜ਼ਮਾਨਤ ਮਿਲੀ ਹੈ। ਉਹ 2025 ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ 25 ਜੂਨ 2025 ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਕਾਨੂੰਨੀ ਅਤੇ ਸਿਆਸੀ ਚਰਚਾ ਦਾ ਕੇਂਦਰ ਬਣਿਆ ਰਿਹਾ।
ਵਿਜੀਲੈਂਸ ਵੱਲੋਂ ਮਜੀਠੀਆ ਖ਼ਿਲਾਫ਼ ਕਰੀਬ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕੀਤੀ ਗਈ ਸੀ। ਇਸ ਦੌਰਾਨ ਦਸੰਬਰ 2025 ਵਿੱਚ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖ਼ਾਰਿਜ਼ ਕਰ ਦਿੱਤੀ ਗਈ ਸੀ, ਜਿਸ ਨਾਲ ਮਜੀਠੀਆ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਿਆ ਪਰ ਹੁਣ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਅਕਾਲੀ ਦਲ ਨੇ ਸੁਖ ਦਾ ਸਾਹ ਲਿਆ ਹੈ। ਇਸ ਨੂੰ ਲੈ ਕੇ ਜਿੱਥੇ ਅਕਾਲੀ ਵਰਕਰਾਂ ਅੰਦਰ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਸਿਆਸੀ ਵਿਰੋਧੀਆਂ ਵੱਲੋਂ ਸਖਤ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਾ ਰਹੀਆਂ ਨੇ। ਖਾਸ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ’ਤੇ ਸਿਆਸੀ ਤੰਜ਼ ਵੀ ਕੱਸੇ ਗਏ ਹਨ।
ਇਸੇ ਦੌਰਾਨ ਬਿਕਰਮ ਮਜੀਠੀਆ ਦੇ ਅਗਲੇ ਸਿਆਸੀ ਕਦਮਾਂ ਬਾਰੇ ਵੀ ਚਰਚਾ ਛਿੜ ਗਈ ਹੈ। ਚੋਣਾਵੀਂ ਵਰ੍ਹਾਂ ਹੋਣ ਕਾਰਨ ਪੰਜਾਬ ਅੰਦਰ ਵਾਪਰ ਰਹੀ ਛੋਟੀ ਤੋਂ ਛੋਟੀ ਸਿਆਸੀ ਘਟਨਾ ਵੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ ਅਤੇ ਬਿਕਰਮ ਮਜੀਠੀਆ ਦੀ ਰਿਹਾਈ ਨੂੰ ਵੀ ਇਸੇ ਐਂਗਲ ਤੋਂ ਦੇਖਿਆ ਜਾ ਰਿਹਾ ਹੈ ਅਤੇ ਸਭ ਦੀਆਂ ਨਜ਼ਰਾਂ ਬਿਕਰਮ ਮਜੀਠੀਆ ਦੇ ਅਗਲੇ ਸਿਆਸੀ ਐਕਸ਼ਨਾਂ ਵੱਲ ਹਨ।

LEAVE A REPLY

Please enter your comment!
Please enter your name here