ਕੇਂਦਰੀ ਬਜਟ ’ਤੇ ਵਿਧਾਇਕ ਡਾ. ਨਿੱਜਰ ਦਾ ਬਿਆਨ/ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ/ ਪੰਜਾਬ ਨੂੰ ਅਣਡਿੱਠਾ ਕਰਨ ਦੇ ਇਲਜ਼ਾਮ

0
5

ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੇਂਦਰ ਸਰਕਾਰ ਦੇ ਪਿਛਲੇ ਬਜਟਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਅਤੇ ਦੇਸ਼ ਦੀ ਸੁਰੱਖਿਆ, ਆਰਥਿਕਤਾ ਤੇ ਆਜ਼ਾਦੀ ਵਿੱਚ ਪੰਜਾਬੀਆਂ ਦਾ ਯੋਗਦਾਨ ਅਦੁੱਤੀਅ ਹੈ, ਪਰ ਪੰਜਾਬ ਨਾਲ ਲਗਾਤਾਰ ਧੱਕਾ ਹੁੰਦਾ ਰਿਹਾ ਹੈ।
ਡਾ. ਨਿੱਜਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਗੁਰੂ ਕੇ ਬਾਗ ਮੋਰਚਾ ਹੋਵੇ ਜਾਂ ਹੋਰ ਆਜ਼ਾਦੀ ਅੰਦੋਲਨ, ਪੰਜਾਬੀਆਂ ਨੇ ਅਰਦਾਸ ਕਰਕੇ, ਅਕਾਲ ਤਖ਼ਤ ਸਾਹਿਬ ਤੋਂ ਤਾਕਤ ਲੈ ਕੇ ਜ਼ੁਲਮਾਂ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਦੇ ਕੁਰਬਾਨੀ ਨਹੀਂ ਦੇ ਸਕੇ, ਉਨ੍ਹਾਂ ਨੂੰ ਆਜ਼ਾਦ ਦੇਸ਼ ਮਿਲ ਗਿਆ, ਪਰ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰਿਆ, ਅੱਜ ਉਨ੍ਹਾਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਪਾਣੀ, ਟੈਕਸ ਅਤੇ ਹੋਰ ਸਰੋਤ ਲੁੱਟ ਕੇ ਕੇਂਦਰ ਲੈ ਜਾਂਦਾ ਹੈ, ਪਰ ਬਦਲੇ ਵਿੱਚ ਪੰਜਾਬ ਨੂੰ ਨਾ ਉਦਯੋਗ ਮਿਲਦੇ ਹਨ, ਨਾ ਹੀ ਕੋਈ ਵੱਡਾ ਵਿਕਾਸ ਪੈਕੇਜ। ਡਾ. ਨਿੱਜਰ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਹੋਰ ਰਾਜਾਂ ਜਿਵੇਂ ਹਿਮਾਚਲ ਪ੍ਰਦੇਸ਼ ਨੂੰ ਟੈਕਸ ਵਿੱਚ ਛੂਟ ਅਤੇ ਖਾਸ ਵਿੱਤੀ ਸਹਾਇਤਾ ਦਿੱਤੀ ਗਈ, ਪਰ ਪੰਜਾਬ ਲਈ ਅਜਿਹਾ ਕੁਝ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਪੰਜਾਬ ਨੂੰ ਸਪੈਸ਼ਲ ਪੈਕੇਜ ਮਿਲੇ ਤਾਂ ਇੱਥੇ ਵੱਡੀ ਪੱਧਰ ’ਤੇ ਉਦਯੋਗਿਕ ਵਿਕਾਸ ਹੋ ਸਕਦਾ ਹੈ। ਮੋਹਾਲੀ ਨੂੰ ਬੈਂਗਲੁਰੂ ਅਤੇ ਹੈਦਰਾਬਾਦ ਦੀ ਤਰ੍ਹਾਂ ਇਲੈਕਟ੍ਰਾਨਿਕਸ ਅਤੇ ਆਈਟੀ ਹੱਬ ਬਣਾਇਆ ਜਾ ਸਕਦਾ ਹੈ, ਕਿਉਂਕਿ ਪੰਜਾਬੀ ਨੌਜਵਾਨ ਇੰਟੈਲੀਜੈਂਟ ਅਤੇ ਹਾਰਡ ਵਰਕਿੰਗ ਹਨ। ਸਿਰਫ਼ ਕੇਂਦਰ ਸਰਕਾਰ ਦੇ ਸਹਿਯੋਗ ਦੀ ਲੋੜ ਹੈ। ਅਖੀਰ ਵਿੱਚ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਪੰਜਾਬ ਨਾਲ ਨਾਇਨਸਾਫ਼ੀ ਕਰ ਰਹੀ ਹੈ, ਫਿਰ ਵੀ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਅੰਦਰ ਕੰਮ ਕਰਨ ਦੀ ਤਾਕਤ ਅਤੇ ਜਜ਼ਬਾ ਹੈ, ਅਤੇ ਜੇ ਹੱਕ ਮਿਲਣ, ਤਾਂ ਪੰਜਾਬ ਮੁੜ ਦੇਸ਼ ਦੀ ਅਗਵਾਈ ਕਰ ਸਕਦਾ ਹੈ।

LEAVE A REPLY

Please enter your comment!
Please enter your name here