ਪੰਜਾਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਰਾਸਤੀ ਖੰਭਾ ਸਥਾਪਿਤ/ ਸੰਗਤ ਦੀ ਮੰਗ ’ਤੇ ਕਰਵਾਈ ਗਈ ਹੈ ਮੁਰੰਮਤ/ 1897 ’ਚ ਫਰੀਦਕੋਟ ਰਿਆਸਤ ਨੇ ਲਗਾਏ ਸੀ ਖੰਭੇ By admin - January 29, 2026 0 2 Facebook Twitter Pinterest WhatsApp ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਿਤ ਪੁਰਾਤਨ ਬਿਜਲੀ ਦੇ ਖੰਭਿਆਂ ਵਿੱਚੋਂ ਇੱਕ ਖੰਭੇ ਨੂੰ ਮੁਰੰਮਤ ਕਰਨ ਉਪਰੰਤ ਮੁੜ ਤੋਂ ਉਸੇ ਸਥਾਨ ’ਤੇ ਸਥਾਪਿਤ ਕਰ ਦਿੱਤਾ ਗਿਆ ਹੈ। ਇਹ ਖੰਭਾ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਜੁੜੀ ਇਕ ਮਹੱਤਵਪੂਰਨ ਨਿਸ਼ਾਨੀ ਮੰਨੀ ਜਾਂਦੀ ਹੈ, ਜਿਸਨੂੰ ਸੰਭਾਲ ਕੇ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਕਦਮ ਚੁੱਕਿਆ ਗਿਆ ਹੈ। ਮੁਰੰਮਤ ਦੌਰਾਨ ਖੰਭੇ ਦੀ ਪੁਰਾਤਨ ਬਣਾਵਟ ਅਤੇ ਅਸਲੀ ਰੂਪ ਨੂੰ ਬਰਕਰਾਰ ਰੱਖਣ ’ਤੇ ਖਾਸ ਧਿਆਨ ਦਿੱਤਾ ਗਿਆ। ਮੁਰੰਮਤ ਪੂਰੀ ਹੋਣ ਉਪਰੰਤ, ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਖੰਭੇ ਨੂੰ ਮੁੜ ਉਸੇ ਥਾਂ ’ਤੇ ਜਿਉਂ ਦਾ ਤਿਉਂ ਸਥਾਪਿਤ ਕਰ ਦਿੱਤਾ ਗਿਆ ਹੈ, ਜਿੱਥੇ ਇਹ ਪਹਿਲਾਂ ਲਗਿਆ ਹੋਇਆ ਸੀ। ਇਤਿਹਾਸਕ ਤੌਰ ’ਤੇ 1897 ਵਿੱਚ ਫਰੀਦਕੋਟ ਦੀ ਰਿਆਸਤ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਪਹਿਲੀ ਵਾਰ ਬਿਜਲੀ ਦੀ ਸਪਲਾਈ ਸ਼ੁਰੂ ਕਰਨ ਲਈ ਪਰਿਕਰਮਾ ਵਿੱਚ ਕੁੱਲ ਅੱਠ ਬਿਜਲੀ ਦੇ ਖੰਭੇ ਲਗਵਾਏ ਗਏ ਸਨ। ਇਹ ਖੰਭੇ ਉਸ ਦੌਰ ਦੀ ਤਕਨੀਕੀ ਤਰੱਕੀ ਅਤੇ ਸਿੱਖ ਧਾਰਮਿਕ ਸਥਾਨਾਂ ਨਾਲ ਰਿਆਸਤਾਂ ਦੇ ਸਹਿਯੋਗ ਦੀ ਪ੍ਰਤੀਕ ਸਨ। ਸਮੇਂ ਦੇ ਨਾਲ-ਨਾਲ ਜਦੋਂ ਪਰਿਕਰਮਾ ਨੂੰ ਚੌੜਾ ਕੀਤਾ ਗਿਆ, ਤਾਂ ਪੁਰਾਤਨ ਸਮੇਂ ਵਿੱਚ ਪੰਜ ਖੰਭੇ ਉਤਾਰ ਦਿੱਤੇ ਗਏ ਸਨ। ਹਾਲਾਂਕਿ, ਵਿਰਾਸਤ ਦੀ ਨਿਸ਼ਾਨੀ ਵਜੋਂ ਤਿੰਨ ਪੁਰਾਤਨ ਖੰਭਿਆਂ ਨੂੰ ਸੰਭਾਲ ਕੇ ਬਰਕਰਾਰ ਰੱਖਿਆ ਗਿਆ। ਇਨ੍ਹਾਂ ਵਿੱਚੋਂ ਇੱਕ ਖੰਭਾ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਤੀ ਗਈ ਸਜਾਵਟ ਦੌਰਾਨ ਬੁੰਗਾ ਰਾਮਗੜੀਆ ਅਤੇ ਦੁੱਖ ਭੰਜਨੀ ਬੇਰੀ ਦੇ ਨੇੜੇ ਖਸਤਾ ਹਾਲਤ ਵਿੱਚ ਪਾਇਆ ਗਿਆ। ਖੰਭੇ ਦੀ ਹਾਲਤ ਨੂੰ ਦੇਖਦਿਆਂ ਤੁਰੰਤ ਪ੍ਰਬੰਧਕੀ ਪੱਧਰ ’ਤੇ ਫੈਸਲਾ ਲਿਆ ਗਿਆ ਕਿ ਇਸ ਨੂੰ ਉਤਾਰ ਕੇ ਮੁਰੰਮਤ ਕਰਵਾਈ ਜਾਵੇ। ਇਸ ਸਬੰਧੀ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਂਗੇੜਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰਾਤਨ ਵਿਰਾਸਤੀ ਨਿਸ਼ਾਨੀਆਂ ਦੀ ਸਾਂਭ-ਸੰਭਾਲ ਲਈ ਸਦਾ ਯਤਨਸ਼ੀਲ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਅਜਿਹੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਸ਼ਾਨਦਾਰ ਵਿਰਾਸਤ ਬਾਰੇ ਜਾਣਕਾਰੀ ਮਿਲ ਸਕੇ।