ਵਾਹਗਾ ਬਾਰਡਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਕਸ਼ਾ ਖਡਸੇ/ ਸੰਡੇ ਆਨ ਸਾਈਕਲ ਰੈਲੀ ’ਚ ਕੀਤੀ ਸ਼ਿਰਕਤ

0
9

ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਦੀ ਰਾਜ ਮੰਤਰੀ ਰਕਸ਼ਾ ਖਡਸੇ ਅੱਜ ਅੰਮ੍ਰਿਤਸਰ ਦੇ ਅਟਾਰੀ ਵਾਹਗਾ ਬਾਰਡਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਫਿੱਟ ਇੰਡੀਆ ਮੂਵਮੈਂਟ ਤਹਿਤ ਕੱਢੀ ਗਈ ਸੰਡੇ ਆਨ ਸਾਈਕਲ ਰੈਲੀ ਵਿਚ ਸ਼ਿਰਕਤ ਕੀਤੀ। ਇਸ ਰੈਲੀ ਵਿਚ ਆਮ ਲੋਕਾਂ ਤੋਂ ਇਲਾਵਾ ਸੀਏਪੀਐਫ ਤੇ ਬੀਐਸਐਫ ਦੇ ਜਵਾਨਾਂ ਨੇ ਵੀ ਹਿੱਸਾ ਲਿਆ ਅਤੇ ਏਕਤਾ ਤੇ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ।  ਗਣਤੰਤਰ ਦਿਵਸ ਦੀ ਪੂਰਵ ਸੰਧਿਆ ਅਤੇ ਰਾਸ਼ਟਰੀ ਮਤਦਾਤਾ ਦਿਵਸ ਦੇ ਮੌਕੇ ‘ਤੇ ਹੋਏ ਇਸ ਵਿਸ਼ੇਸ਼ ਸਮਾਗਮ ਦਾ ਮਕਸਦ ਲੋਕਾਂ ਨੂੰ ਫਿਟਨੈਸ, ਲੋਕਤੰਤਰ ਅਤੇ ਦੇਸ਼ਭਗਤੀ ਦਾ ਸੰਦੇਸ਼ ਦੇਣਾ ਸੀ।
ਇਸ ਮੌਕੇ ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਦੀ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖਡਸੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਟ ਇੰਡੀਆ ਮੂਵਮੈਂਟ ਹੁਣ ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ ਰਹੀ, ਬਲਕਿ ਦੇਸ਼ ਦਾ ਇੱਕ ਵੱਡਾ ਅਤੇ ਮਜ਼ਬੂਤ ਜਨ ਅੰਦੋਲਨ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੀ ਆਰੰਭਤਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ ਗਈ ਸੀ, ਤਾਂ ਜੋ ਦੇਸ਼ ਦਾ ਹਰ ਨਾਗਰਿਕ ਫਿਟਨੈਸ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਵੇ ਅਤੇ ਸਿਹਤਮੰਦ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਏ।
ਕੇਂਦਰੀ ਰਾਜ ਮੰਤਰੀ ਰਕਸ਼ਾ ਖਡਸੇ ਨੇ ਕਿਹਾ ਕਿ ਅਟਾਰੀ–ਵਾਘਾ ਵਰਗੇ ਸੰਵੇਦਨਸ਼ੀਲ ਅਤੇ ਅੰਤਰਰਾਸ਼ਟਰੀ ਮਹੱਤਤਾ ਵਾਲੇ ਬਾਰਡਰ ਤੋਂ ‘ਸੰਡੇ ਆਨ ਸਾਈਕਲ’ ਦਾ ਆਯੋਜਨ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ। ਇਸ ਨਾਲ ਨੌਜਵਾਨਾਂ ਵਿੱਚ ਨਾ ਸਿਰਫ਼ ਫਿਟਨੈਸ ਪ੍ਰਤੀ ਜਾਗਰੂਕਤਾ ਵਧੇਗੀ, ਸਗੋਂ ਦੇਸ਼ ਦੀ ਏਕਤਾ ਅਤੇ ਰਾਸ਼ਟਰੀ ਭਾਵਨਾ ਵੀ ਹੋਰ ਮਜ਼ਬੂਤ ਹੋਏਗੀ। ਉਨ੍ਹਾਂ ਸਾਈਕਲਿੰਗ ਨੂੰ ਫਿਟ ਰਹਿਣ ਦਾ ਸਭ ਤੋਂ ਸੌਖਾ, ਸਸਤਾ ਅਤੇ ਪ੍ਰਭਾਵਸ਼ਾਲੀ ਢੰਗ ਦੱਸਦਿਆਂ ਕਿਹਾ ਕਿ ਇਸ ਨਾਲ ਪਰਿਆਵਰਨ ਸੁਰੱਖਿਆ ਵਿੱਚ ਵੀ ਮਦਦ ਮਿਲਦੀ ਹੈ।
ਪ੍ਰੋਗਰਾਮ ਦੌਰਾਨ ਫਿਟਨੈਸ ਦੇ ਨਾਲ ਨਾਲ ਵੋਟਿੰਗ ਜਾਗਰੂਕਤਾ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਮੰਤਰੀ ਨੇ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਨੌਜਵਾਨਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਫਿਟ ਸ਼ਰੀਰ ਦੇ ਨਾਲ ਜਾਗਰੂਕ ਨਾਗਰਿਕ ਹੀ ਮਜ਼ਬੂਤ ਲੋਕਤੰਤਰ ਦੀ ਨੀਂਹ ਹੁੰਦੇ ਹਨ। ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨਾਲ ‘ਸੈਲਿਬ੍ਰੇਸ਼ਨ ਆਫ਼ ਡੈਮੋਕ੍ਰੇਸੀ’ ਵੀ ਮਨਾਇਆ ਗਿਆ।
ਇਸ ਆਯੋਜਨ ਵਿੱਚ ਕੇਂਦਰੀ ਸਸ਼ਸਤ੍ਰ ਪੁਲਿਸ ਬਲ (ਸੀਏਪੀਐਫ), ਬੀਐਸਐਫ ਦੇ ਜਵਾਨਾਂ, ਜ਼ਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸਾਈਕਲਿਸਟਾਂ ਨੇ ਭਾਗ ਲਿਆ। ਸੁਰੱਖਿਆ ਬਲਾਂ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਪ੍ਰੇਰਣਾਦਾਇਕ ਬਣਾ ਦਿੱਤਾ। ਮੰਤਰੀ ਨੇ ਕਿਹਾ ਕਿ ਸਾਡੀਆਂ ਸੈਨਾਵਾਂ ਅਤੇ ਸੁਰੱਖਿਆ ਬਲ ਪਹਿਲਾਂ ਤੋਂ ਹੀ ਫਿਟਨੈਸ ਦਾ ਮਿਸਾਲ ਹਨ ਅਤੇ ਉਨ੍ਹਾਂ ਨਾਲ ਅਜਿਹੇ ਆਯੋਜਨ ਦੇਸ਼-ਦੁਨੀਆ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਫਿਟ ਭਾਰਤ ਹੀ ਅੱਗੇ ਵਧਦਾ ਭਾਰਤ ਹੈ।

LEAVE A REPLY

Please enter your comment!
Please enter your name here