ਲੁਧਿਆਣਾ ਪੁਲਿਸ ਦੇ ਬਦਮਾਸ਼ਾਂ ਵਿਚਾਲੇ ਮੁਕਾਬਲਾ/ ਇਕ ਮੁਲਜ਼ਮ ਨੂੰ ਜ਼ਖਮੀ ਹਾਲਤ ’ਚ ਕੀਤਾ ਕਾਬੂ

0
6

 

ਲੁਧਿਆਣਾ ਦੇ ਲੋਹਾਰਾ ਇਲਾਕੇ ਵਿੱਚ ਦੇਰ ਰਾਤ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੇ ਐਸਟੀਐਫ ਦੀ ਟੀਮ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋ ਗਿਆ। ਜਾਣਕਾਰੀ ਅਨੁਸਾਰ ਐਸਟੀਐਫ ਦੀ ਟੀਮ ਨੇ ਬਦਮਾਸ਼ਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਇਕ ਮੁਲਜਮ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰ ਕੇ ਹਸਪਤਾਲ ਪਹੁੰਚਾਇਆ। ਫੜੇ ਗਏ ਆਰੋਪੀ ਦੀ ਪਛਾਣ ਤਰਨਪ੍ਰੀਤ ਸਿੰਘ ਵਜੋਂ ਹੋਈ ਹੈ।
ਖਬਰਾਂ ਮੁਤਾਬਕ ਐਸਟੀਐਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਚਾਰ ਬਦਮਾਸ਼ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਨਜਾਇਜ਼ ਅਸਲੇ ਸਮੇਤ ਕਾਰ ਵਿੱਚ ਜਾ ਰਹੇ ਹਨ। ਜਦੋਂ ਐਸਟੀਐਫ ਨੇ ਪਿੱਛਾ ਕਰ ਕੇ ਉਹਨਾਂ ਨੂੰ ਲੁਹਾਰੇ ਇਲਾਕੇ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਵੱਲੋਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ ‘ਚ ਇੱਕ ਬਦਮਾਸ਼ ਤਰਨਪ੍ਰੀਤ ਦੇ ਪੇਟ ਵਿੱਚ ਗੋਲੀ ਲੱਗੀ।
ਐਸਟੀਐਫ ਜਦੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਈ ਤਾਂ ਉਸਨੇ ਮੀਡੀਆ ਨੂੰ ਗੁੰਮਰਾਹ ਕਰਨ ਲਈ ਪੁਲਿਸ ‘ਤੇ ਹੀ ਆਰੋਪ ਲਗਾ ਦਿੱਤੇ ਕਿ ਉਹ ਇੱਕ ਸਟੂਡੈਂਟ ਹੈ ਅਤੇ ਉਸ ਨੂੰ ਪੁਲਿਸ ਵੱਲੋਂ ਗਲਤ ਸਮਝ ਕੇ ਗੋਲੀ ਮਾਰ ਦਿੱਤੀ ਗਈ ਪਰ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਝੂਠ ਬੋਲ ਰਿਹਾ ਹੈ ਅਤੇ ਇਸੇ ਕੋਲ ਨਜਾਇਜ਼ ਪਿਸਤੌਲ ਸੀ ਜਿਸ ਤੋਂ ਇਸਨੇ ਪੁਲਿਸ ‘ਤੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ‘ਚ ਇਸਦੇ ਗੋਲੀ ਵੱਜੀ ਹੈ।  ਖਬਰਾਂ ਮੁਤਾਬਕ ਪੁਲਿਸ ਨੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਫਿਲਹਾਲ ਜ਼ਖਮੀ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਵੱਡੇ ਹਸਪਤਾਲ ਵੱਲ ਰੈਫਰ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here