ਪੰਜਾਬ ਸਰਕਾਰ ਦਾ ਸਰਹੱਦੀ ਕਿਸਾਨਾਂ ਲਈ ਵੱਡਾ ਉਪਰਾਲਾ/ 200 ਮੀਟਰ ਤਕ ਅੱਗੇ ਜਾਵੇਗੀ ਕੰਡਿਆਲੀ ਤਾਰ/ ਮੁੱਖ ਮੰਤਰੀ ਮਾਨ ਨੇ ਗ੍ਰਹਿ ਮੰਤਰੀ ਅੱਗੇ ਰੱਖੀ ਮੰਗ

0
6

ਪੰਜਾਬ ਸਰਕਾਰ ਨੇ ਕੰਡਿਆਲੀ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦੀ ਚਾਰਜੋਈ ਸ਼ੁਰੂ ਕਰ ਦਿੱਤੀ ਐ। ਸਰਕਾਰ ਨੇ ਕੇਂਦਰ ਸਾਹਮਣੇ ਕੰਡਿਆਲੀ ਤਾਰ ਨੂੰ 200 ਮੀਟਰ ਤਕ ਅੱਗੇ ਲਿਜਾਣ ਦੀ ਮੰਗ ਰੱਖੀ ਐ। ਮੁੱਖ ਮੰਤਰੀ ਨੇ ਬੀਤੇ ਦਿਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣੀ ਦੌਰਾਨ ਕਿਸਾਨਾਂ ਦੀਆਂ ਤਕਲੀਫਾ ਦਾ ਮੁੱਦਾ ਚੁੱਕਿਆ ਗਿਆ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਮੁੱਖ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸਰਹੱਦੀ ਕਿਸਾਨਾਂ ਦਾ ਬਹੁਤ ਪੁਰਾਣਾ ਮੁੱਦਾ ਐ, ਜਿਸ ਦੇ ਹੱਲ ਲਈ ਸਰਕਾਰ ਸੰਜੀਦਾ ਐ ਅਤੇ ਛੇਤੀ ਹੀ ਇਸ ਮਾਮਲੇ ਵਿਚ ਚੰਗਾ ਹੋਣ ਦੀ ਉਮੀਦ ਐ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭਾਰਤ–ਪਾਕਿਸਤਾਨ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਕਾਰਨ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਤਾਰ ਦੇ ਅਗਲੇ ਪਾਸੇ ਚਲੀ ਗਈ ਸੀ, ਜਿੱਥੇ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤੀ ਲਈ ਸਮਾਂ ਸੀਮਿਤ, ਸਖ਼ਤ ਚੈਕਿੰਗ, ਫਸਲਾਂ ਦੀ ਉਚਾਈ ‘ਤੇ ਰੋਕ ਅਤੇ ਔਰਤਾਂ ਦੀ ਜਾਂਚ ਵਰਗੀਆਂ ਸਮੱਸਿਆਵਾਂ ਕਿਸਾਨਾਂ ਲਈ ਵੱਡੀ ਪੀੜ੍ਹ ਹਨ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਗ੍ਰਹਿ ਮੰਤਰੀ ਕੋਲ ਸਪਸ਼ਟ ਮੰਗ ਰੱਖੀ ਕਿ ਜਾਂ ਤਾਂ ਤਾਰ ਦੇ ਅੱਗੇ ਵਾਲੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ 200 ਮੀਟਰ ਅੰਦਰ ਕੀਤਾ ਜਾਵੇ। ਕੇਂਦਰੀ ਗ੍ਰਹਿ ਮੰਤਰੀ ਵੱਲੋਂ ਇਸ ਮੰਗ ਨੂੰ ਸਿਧਾਂਤਕ ਤੌਰ ‘ਤੇ ਮਨਜ਼ੂਰੀ ਮਿਲ ਗਈ ਹੈ ਅਤੇ ਆਉਣ ਵਾਲੇ 15 ਦਿਨਾਂ ਵਿੱਚ ਇਸ ‘ਤੇ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਇਸ ਫ਼ੈਸਲੇ ਨਾਲ ਪੰਜਾਬ ਦੀ ਲਗਭਗ 532 ਕਿਲੋਮੀਟਰ ਲੰਮੀ ਸਰਹੱਦ ‘ਤੇ ਹਜ਼ਾਰਾਂ ਏਕੜ ਜ਼ਮੀਨ ਕਿਸਾਨਾਂ ਲਈ ਮੁੜ ਉਪਲਬਧ ਹੋਵੇਗੀ, ਜੋ ਕਿ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਰਹੱਦੀ ਕਿਸਾਨਾਂ ਵੱਲੋਂ ਅਜਨਾਲਾ ਦੌਰੇ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਬਿਨਾਂ ਸੋਚੇ-ਸਮਝੇ ਬਿਆਨ ਦੇ ਰਹੇ ਹਨ। ਧਾਲੀਵਾਲ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਪੰਜਾਬ ‘ਚ ਸਫਾਇਆ ਹੋ ਜਾਵੇਗਾ, ਕਿਉਂਕਿ ਲੋਕ ਹੁਣ ਖਾਲੀ ਬਿਆਨਾਂ ਨਹੀਂ, ਕੰਮ ਕਰਨ ਵਾਲੀ ਸਰਕਾਰ ‘ਤੇ ਭਰੋਸਾ ਕਰ ਰਹੇ ਹਨ।ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਦੇ ਹੱਕਾਂ ਲਈ ਲਗਾਤਾਰ ਲੜ ਰਹੀ ਹੈ ਅਤੇ ਅੱਗੇ ਵੀ ਇਹ ਲੜਾਈ ਜਾਰੀ ਰਹੇਗੀ।

LEAVE A REPLY

Please enter your comment!
Please enter your name here