ਪੰਜਾਬ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਪਹੁੰਚੇ ਸਾਂਸਦ ਰੰਧਾਵਾ/ ਮ੍ਰਿਤਕ ਨੌਜਵਾਨ ਦੇ ਮਾਪਿਆਂ ਨਾਲ ਵੰਡਾਇਆ ਦੁੱਖ/ ਇੰਗਲੈਂਡ ਦੇ ਬਰਮਿੰਘਮ ਵਿਖੇ ਸ਼ੱਕੀ ਹਾਲਤ ’ਚ ਹੋਈ ਮੌਤ By admin - January 18, 2026 0 6 Facebook Twitter Pinterest WhatsApp ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਬੀਤੇ ਦਿਨ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਵਿਦੇਸ਼ ਵਿਚ ਜਾਨ ਗੁਆਉਣ ਵਾਲੇ ਨੌਜਵਾਨ ਦੇ ਮਾਪਿਆਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ। ਇੰਗਲੈਂਡ ਦੇ ਬਰਮਿੰਘਮ ਵਿਖੇ ਜਾਨ ਗੁਆਉਣ ਵਾਲੇ ਨੌਜਵਾਨ ਨਮਨ ਖੁੱਲਰ ਦਾ ਪਰਿਵਾਰ ਦੀਨਾਨਗਰ ਵਿਖੇ ਰਹਿੰਦਾ ਹੈ ਅਤੇ ਉਸਦੇ ਪਿਤਾ ਪਵਨ ਕੁਮਾਰ ਚਾਹ ਵੇਚਣ ਦਾ ਕੰਮ ਕਰਦੇ ਹਨ। ਸਾਂਸਦ ਰੰਧਾਵਾਂ ਨੇ ਪਰਿਵਾਰ ਨੂੰ ਮ੍ਰਿਤਕ ਦੇਹ ਵਾਪਸ ਲਿਆਉਣ ਤੋਂ ਇਲਾਵਾ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਹੈ। ਪਰਿਵਾਰ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪਰਿਵਾਰ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਆਪਣਾ ਸਭ ਕੁਝ ਵੇਚ ਦਿੱਤਾ ਸੀ, ਪਰ ਉਸ ਦੀ ਮੌਤ ਦੀ ਦੁਖਦਾਈ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਬਹੁਤ ਦੁਖੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ 40 ਦਿਨਾਂ ਵਿੱਚ ਲਾਸ਼ ਭਾਰਤ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ। ਮ੍ਰਿਤਕ ਨੌਜਵਾਨ ਦੇ ਪਿਤਾ ਪਵਨ ਕੁਮਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਪੰਜ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ ਅਤੇ ਇੰਗਲੈਂਡ ਦੇ ਬਰਮਿੰਘਮ ਵਿੱਚ ਇੱਕ ਪਾਕਿਸਤਾਨੀ ਔਰਤ ਦੇ ਘਰ ਡਿਲੀਵਰੀ ਬੁਆਏ ਵਜੋਂ ਕੰਮ ਕਰ ਰਿਹਾ ਸੀ। ਉਨ੍ਹਾਂ ਨੂੰ 11 ਜਨਵਰੀ ਨੂੰ ਇੱਕ ਫੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਪਿਤਾ ਨੇ ਦੱਸਿਆ ਕਿ 10 ਜਨਵਰੀ ਦੀ ਰਾਤ ਨੂੰ ਉਨ੍ਹਾਂ ਨੇ ਆਪਣੀ ਮਾਂ ਅਤੇ ਦੋ ਭਰਾਵਾਂ ਨਾਲ ਫ਼ੋਨ ‘ਤੇ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਉਹ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਵਾਪਸ ਆ ਗਿਆ ਹੈ, ਪਰ 11 ਜਨਵਰੀ ਦੀ ਸਵੇਰ ਨੂੰ ਉਨ੍ਹਾਂ ਨੂੰ ਇੱਕ ਫੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮ੍ਰਿਤਕ ਦੇਹ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ।