ਤਰਨ ਤਾਰਨ ’ਚ ਫਰਜ਼ੀ ਨਸ਼ਾ ਛੁਡਾਉ ਕੇਂਦਰ ਦਾ ਪਰਦਾਫਾਸ਼/ ਟੀਮ ਨੇ ਆਜ਼ਾਦ ਕਰਵਾਏ ਬੰਦਕ ਬਣਾ ਕੇ ਰੱਖੇ ਮਰੀਜ਼

0
8

ਤਰਨ ਤਾਰਨ ਸਿਵਲ ਪ੍ਰਸ਼ਾਸਨ ਨੇ ਪਿੰਡ ਜੰਡੋਕੇ ਸਰਹਾਲੀ ਵਿਖੇ ਫਰਜ਼ੀ ਨਸ਼ਾ ਛੁਡਾਉਂ ਕੇਂਦਰ ਦਾ ਪਰਦਾਫਾਸ਼ ਕੀਤਾ ਐ। ਟੀਮ ਨੇ 17 ਦੇ ਕਰੀਬ ਮਰੀਜ਼ਾਂ ਨੂੰ ਆਜ਼ਾਦ ਕਰਵਾਇਆ ਐ। ਜਾਣਕਾਰੀ ਅਨੁਸਾਰ ਇਨ੍ਹਾਂ ਮਰੀਜ਼ਾਂ ਨੂੰ ਨਸ਼ਾ ਛੁਡਾਉਣ ਦੇ ਨਾਮ ਉਤੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਸ਼ਿਕਾਇਤ ਮਿਲਣ ਤੋਂ ਬਾਦ ਸਿਵਲ ਪ੍ਰਸ਼ਾਸਨ ਨੇ ਨਸ਼ਾ ਛੁਡਾਊ ਕੇਂਦਰ ਉੱਪਰ ਕਾਰਵਾਈ ਕਰਦਿਆਂ ਸੈਂਟਰ ਨੂੰ ਸੀਲ ਕਰ ਦਿੱਤਾ ਹੈ। ਟੀਮ ਨੇ 17 ਵਿਅਕਤੀਆਂ ਨੂੰ ਰੈਸਕਿਊ ਕਰ ਕੇ ਠਰੂ ਪਿੰਡ ਵਿਚਲੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਭੇਜ ਦਿੱਤਾ ਗਿਆ ਹੈ।
ਖਬਰਾਂ ਮੁਤਾਬਕ ਸਿਹਤ ਵਿਭਾਗ ਨੇ ਉਕਤ ਕੇਂਦਰ ਵਿੱਚੋਂ ਨਸ਼ੇ ਦੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜਿਸ ਸਬੰਧੀ ਸਿਹਤ ਵਿਭਾਗ ਨੇ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਹੈ। ਸਿਵਲ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪੁੱਜੇ ਤਰਨਤਾਰਨ ਦੇ ਐੱਸਡੀਐੱਮ ਗੁਰਮੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਪਿੰਡ ਜੰਡੋਕੇ ਸਰਹਾਲੀ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ ਸੀ ਜਿੱਥੋਂ ਇਕ ਕਮਰੇ ਵਿਚ ਗੈਰ ਮਣੁੱਖੀ ਤਰੀਕੇ ਨਾਲ ਬੰਦ ਕਰ ਕੇ ਰੱਖੇ ਗਏ 17 ਨਸ਼ਾ ਪੀੜਤਾਂ ਨੂੰ ਛੁਡਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਥੇ ਨਸ਼ਾ ਪੀੜਤਾਂ ਨੂੰ ਨਸ਼ਾ ਛੱਡਣ ਦੀ ਨਹੀਂ ਬਲਕਿ ਨਸ਼ੇ ਦੀ ਹੀ ਦਵਾਈ ਦਿੱਤੀ ਜਾ ਰਹੀ ਸੀ। ਜਦੋਂਕਿ ਕੇਂਦਰ ਚਲਾਉਣ ਵਾਲੇ 15 ਤੋਂ 20 ਹਜਾਰ ਰੁਪਏ ਇਕ ਮਰੀਜ਼ ਕੋਲੋਂ ਵਸੂਲ ਰਹੇ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਵਿਚ ਕੋਈ ਡਾਕਟਰ ਵੀ ਨਹੀਂ ਸੀ। 15 ਦਿਨ ਪਹਿਲਾਂ ਇਸੇ ਕੇਂਦਰ ਵਿਚ ਦਾਖਲ ਰਹੇ ਇਕ ਵਿਅਕਤੀ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਜੰਡੋਕੇ ’ਚ ਬਿਨਾ ਨਾਂ ਦੇ ਚੱਲ ਰਹੇ ਉਕਤ ਕੇਂਦਰ ਵਿਚ ਜਿਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉੱਥੇ ਹੀ ਇਕ ਕਮਰੇ ਵਿਚ ਹੀ ਬੰਦ ਰੱਖਿਆ ਜਾਂਦਾ ਹੈ ਜਦੋਂਕਿ ਉਨ੍ਹਾਂ ਨੂੰ ਦਵਾਈ ਦੀ ਜਗ੍ਹਾ ਨਸ਼ਾ ਹੀ ਦਿੱਤਾ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜੰਡੋਕੇ ਸਰਹਾਲੀ ਦੇ ਇਸ ਨਸ਼ਾ ਛੁਡਾਊ ਕੇਂਦਰ ਉੱਪਰ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਦੇ ਹਾਲਾਤ ਸ਼ਿਕਾਇਤ ਮੁਤਾਬਿਕ ਹੀ ਮਿਲੇ। ਉਨ੍ਹਾਂ ਦੱਸਿਆ ਕਿ ਬੁਰੀ ਹਾਲਤ ਵਿਚ ਰੱਖੇ ਹੋਏ 17 ਵਿਅਕਤੀਆਂ ਨੂੰ ਇੱਥੋਂ ਰੈਸਕਿਊ ਕਰ ਕੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਠਰੂ ਵਿਖੇ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਕੇਂਦਰ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਐੱਨਡੀਪੀਐੱਸ ਐਕਟ ਦੇ ਅਧੀਨ ਆਉਂਦੀਆਂ ਹਨ, ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here