
ਬਟਾਲਾ ਪੁਲਿਸ ਨੇ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਚਾਈਨਾ ਡੋਰ ਵੇਚਣ ਤੇ ਵਰਤਣ ਵਾਲਿਆਂ ਉਤੇ ਚੌਕਸੀ ਵਧਾ ਦਿੱਤੀ ਐ। ਪੁਲਿਸ ਵੱਲੋਂ ਚਾਈਨਾ ਡੋਰ ਵਰਤਣ ਵਾਲਿਆਂ ਤੇ ਨਜ਼ਰ ਰੱਖਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਐ। ਇਸੇ ਕੜੀ ਤਹਿਤ ਬਟਾਲਾ ਪੁਲਿਸ ਵੱਲੋਂ ਡਰੋਨ ਉਡਾਇਆ ਗਿਆ, ਜਿਸ ਨੂੰ ਦੇਖਦਿਆਂ ਕਈ ਪਤੰਗਬਾਜ਼ ਆਪਣੀਆਂ ਛੱਤਾਂ ਛੱਡ ਕੇ ਥੱਲੇ ਵੀ ਭੱਜ ਗਏ ਤੇ ਕਈਆਂ ਨੇ ਉਡਾਈਆਂ ਪਤੰਗਾਂ ਨੂੰ ਤੋੜ ਕੇ ਛੱਡ ਦਿੱਤਾ ਤੇ ਮੌਕੇ ਤੋਂ ਖਿਸਕ ਗਏ। ਪੁਲਿਸ ਨੇ ਲੋਕਾਂ ਨੂੰ ਚਾਈਨਾ ਡੋਰ ਦੇ ਖਾਤਮੇ ਲਈ ਸਹਿਯੋਗ ਦੀ ਅਪੀਲ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਸਿਟੀ ਦੇ ਐਸਐਚਓ ਨੇ ਕਿਹਾ ਕਿ ਅਸੀਂ ਅਫਸਰਾਂ ਦੇ ਹੁਕਮ ਦੇ ਨਾਲ ਖੂਨੀ ਡੋਰ ਨੂੰ ਰੋਕਣ ਦਾ ਪੂਰਾ ਪ੍ਰਬੰਧ ਕਰ ਰਹੇ ਹਾਂ ਕਈਆਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਤੇ ਕਈਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਚਾਈਨਾ ਡੋਰ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ, ਜਿਸ ਦੇ ਚਲਦਿਆਂ ਲੋਕਾਂ ਵੱਲੋਂ ਵੀ ਇਸ ਖਿਲਾਫ ਕਾਰਵਾਈ ਦੀ ਆਵਾਜ ਉਠ ਰਹੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੇ ਖਾਤਮੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਰਹੀਆਂ ਨੇ ਅਤੇ ਛੇਤੀ ਹੀ ਇਸ ਦੀ ਵਰਤੋਂ ਉਤੇ ਕਾਬੂ ਪਾ ਲੈਣ ਦੀ ਉਮੀਦ ਹੈ।


