ਪੰਜਾਬ ਕਪੂਰਥਲਾ ’ਚ ਰਾਣਾ ਗੁਰਜੀਤ ਸਿੰਘ ਨੇ ਘੇਰੀ ਸਰਕਾਰ/ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਾਧੇ ਨਿਸ਼ਾਨੇ By admin - January 10, 2026 0 7 Facebook Twitter Pinterest WhatsApp ਕਪੂਰਥਲਾ ਸ਼ਹਿਰ ਅੰਦਰ ਲਗਾਤਾਰ ਵਾਪਰ ਰਹੀਆਂ ਲੁੱਟ-ਖੋਹ ਤੇ ਕਤਲ ਦੀਆਂ ਘਟਨਾਵਾਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਰਕਾਰ ਨੂੰ ਘੇਰਿਆ ਐ। ਇਨ੍ਹਾਂ ਘਟਨਾਵਾਂ ਲਈ ਪੁਲਿਸ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਵਿਧਾਇਕ ਰਾਣਾ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਬਜਾਏ ਪੁਲਿਸ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੈ। ਉਨ੍ਹਾਂ ਸਰਕਾਰ ਤੋਂ ਅਮਨ ਕਾਨੂੰਨ ਦੀ ਸਥਿਤੀ ਸੰਭਾਲਨ ਲਈ ਤੁਰੰਤ ਸਖਤ ਕਾਰਵਾਈ ਦੀ ਮੰਗ ਕੀਤੀ ਐ। ਬੀਤੇ ਦਿਨਾਂ ਵਿੱਚ ਕਪੂਰਥਲਾ ਹਲਕੇ ਵਿੱਚ ਵਾਪਰੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਲੱਖਣ ਕਲਾਂ ਤੋਂ ਬਲਾਕ ਸੰਮਤੀ ਦੀ ਚੋਣ ਜਿੱਤਣ ਵਾਲੇ ਕਾਂਗਰਸ ਆਗੂ ਦੇ ਘਰ ਤੇ ਚੋਣਾਂ ਤੋਂ ਕੁਝ ਦਿਨ ਬਾਅਦ, ਪਿੰਡ ਵਿੱਚ ਰਾਜਨੀਤਿਕ ਰੰਜਿਸ਼ ਕਾਰਨ, ਪੰਜ ਹਥਿਆਰਬੰਦ ਵਿਅਕਤੀਆਂ ਨੇ ਬੀਤੀ ਰਾਤ ਗੋਲੀਆਂ ਚਲਾ ਦਿੱਤੀਆਂ। ਜੇਕਰ ਘਰ ਦਾ ਗੇਟ ਖੁੱਲ੍ਹਾ ਹੁੰਦਾ, ਤਾਂ ਹਮਲਾਵਰ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਸਕਦੇ ਸਨ। ਇਸ ਪਰਿਵਾਰ ਨੂੰ ਫੇਸਬੁੱਕ ‘ਤੇ ਰਾਜਨੀਤਿਕ ਬਦਲਾ ਲੈਣ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਇਹ ਘਟਨਾ ਵਾਪਰੀ। ਰਾਣਾ ਗੁਰਜੀਤ ਸਿੰਘ ਨੇ ਐਸਐਸਪੀ ਨੂੰ ਅਪੀਲ ਕੀਤੀ ਕਿ ਉਹ ਸਾਰੇ ਐਸਐਚਓਜ਼ ਨੂੰ ਗੁੰਡਾਗਰਦੀ ਰੋਕਣ ਦੇ ਹੁਕਮ ਜਾਰੀ ਕਰਨ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਪੁਲਿਸ ਅਧਿਕਾਰੀਆਂ ਅਤੇ ਸਟਾਫ ਲਈ ਸਿਰਦਰਦ ਅਤੇ ਅਸੁਰੱਖਿਆ ਦਾ ਕਾਰਨ ਬਣ ਜਾਵੇ, ਕਿਉਂਕਿ ਆਮ ਆਦਮੀ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਬੀਤੇ ਦਿਨੀ ਹੋਈਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਦੇ ਕੰਮਕਾਜ ‘ਤੇ ਸਵਾਲ ਖੜ੍ਹੇ ਕਰਦੀਆਂ ਹਨ, ਜਿਸ ਦਾ ਜਵਾਬ ਐਸਐਸਪੀ ਨੂੰ ਦੇਣਾ ਚਾਹੀਦਾ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ। ਸੂਬੇ ਭਰ ਵਿੱਚ ਰੋਜ਼ਾਨਾ ਚੋਰੀ, ਲੁੱਟ-ਖਸੁੱਟ, ਗੋਲੀਬਾਰੀ ਅਤੇ ਗੁੰਡਾਗਰਦੀ ਵੱਡੇ ਪੱਧਰ ‘ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ, ਤਾਂ ਪਹਿਲਾ ਕਦਮ ਗੁੰਡਾਗਰਦੀ ਨੂੰ ਖਤਮ ਕਰਨਾ ਹੋਵੇਗਾ। ਰਾਣਾ ਨੇ ਕਿਹਾ ਕਿ ਜਲਦੀ ਹੀ ਅਸੀਂ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੂੰ ਮਿਲਾਂਗੇ ਅਤੇ ਤੁਰੰਤ ਸਖ਼ਤ ਕਾਰਵਾਈ ਦੀ ਆਪਣੀ ਮੰਗ ਨੂੰ ਦੁਹਰਾਵਾਂਗੇ। ਦੂਜੇ ਪਾਸੇ ਡੀਐਸਪੀ ਸਬ ਡਿਵੀਜ਼ਨ ਸ਼ੀਤਲ ਸਿੰਘ ਨੇ ਦੋਸ਼ ਨਕਾਰਦਿਆਂ ਕਿਹਾ ਕਿ ਪੁਲਿਸ ਨਿਰਪੱਖਤਾ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ।