ਦਿੱਲੀ ਵਿਧਾਨ ਸਭਾ ਦਾ ਆਤਿਸ਼ੀ ਮਾਮਲੇ ’ਚ ਐਕਸ਼ਨ/ ਜਲੰਧਰ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ/ ਸਦਨ ਦੇ ਮਾਮਲੇ ’ਚ ਦਖ਼ਲ ’ਤੇ ਪ੍ਰਗਟਾਈ ਨਰਾਜਗੀ

0
12

 

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਬਿਆਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿੱਥੇ ਜਲੰਧਰ ਪੁਲਿਸ ਨੇ ਮਾਮਲਾ ਦਰਜ ਕਰ ਕੇ ਵੀਡੀਓ ਦੀ ਜਾਂਚ ਕਰਵਾਈ ਗਈ ਸੀ, ਉੱਥੇ ਹੀ ਹੁਣ ਦਿੱਲੀ ਵਿਧਾਨ ਸਭਾ ਨੇ ਵੀ ਮੋੜਵਾਂ ਐਕਸ਼ਨ ਕੀਤਾ ਐ। ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਇੱਕ ਨੋਟਿਸ ਜਾਰੀ ਕਰ ਕੇ ਆਤਿਸ਼ੀ ਨਾਲ ਸਬੰਧਤ ਵੀਡੀਓ ਕਲਿੱਪ ਮਾਮਲੇ ਵਿੱਚ ਸਖ਼ਤ ਸਟੈਂਡ ਲਿਆ ਹੈ।
ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀ 6 ਜਨਵਰੀ 2026 ਦੀ ਕਾਰਵਾਈ ਦੀ ਇੱਕ ਵੀਡੀਓ ਸਬੰਧੀ ਬੀਤੇ ਦਿਨੀਂ ਜਲੰਧਰ ਵਿੱਚ FIR ਦਰਜ ਕੀਤੀ ਗਈ ਸੀ। ਜਲੰਧਰ ਪੁਲਿਸ ਅਤੇ ਇਸ ਵਿੱਚ ਆਮ ਆਦਮੀ ਪਾਰਟੀ  ਨੇ ਦਾਅਵਾ ਕੀਤਾ ਸੀ ਕਿ ਫੋਰੈਂਸਿਕ ਜਾਂਚ ਵਿੱਚ ਪਾਇਆ ਗਿਆ ਕਿ ਆਤਿਸ਼ੀ ਦੀ ਉਕਤ ਵੀਡੀਓ ਨਾਲ ਜਾਣਬੁੱਝ ਕੇ ਛੇੜਛਾੜ  ਕੀਤੀ ਗਈ ਸੀ। ਹਾਲਾਂਕਿ ਇਸ ਸਾਰੇ ਮਾਮਲੇ ਤੇ ਹੁਣ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਪੁਲਿਸ ਦੀ ਦਖ਼ਲਅੰਦਾਜ਼ੀ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ, ਕਿਉਂਕਿ ਵਿਧਾਨ ਸਭਾ ਦੀ ਕਾਰਵਾਈ ਸਦਨ ਦਾ ਨਿੱਜੀ ਮਾਮਲਾ ਹੁੰਦੀ ਹੈ।
ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਜਲੰਧਰ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਹ 48 ਘੰਟਿਆਂ ਦੇ ਅੰਦਰ ਆਪਣਾ ਲਿਖਤੀ ਸਪੱਸ਼ਟੀਕਰਨ ਅਤੇ ਸਾਰੇ ਸਬੰਧਤ ਦਸਤਾਵੇਜ਼ ਸਕੱਤਰੇਤ ਕੋਲ ਜਮ੍ਹਾਂ ਕਰਵਾਉਣ। ਇਹ ਸਾਰਾ ਮਾਮਲਾ ਪਹਿਲਾਂ ਹੀ ਦਿੱਲੀ ਵਿਧਾਨ ਸਭਾ ਦੀ ‘ਵਿਸ਼ੇਸ਼ ਅਧਿਕਾਰ ਕਮੇਟੀ’ ਕੋਲ ਵਿਚਾਰ ਅਧੀਨ ਹੈ। ਕੁੱਲ ਮਿਲਾ ਕੇ ਦਿੱਲੀ ਵਿਧਾਨ ਸਭਾ ਸਕੱਤਰੇਤ ਦੇ ਇਸ ਫੈਸਲੇ ਤੋਂ ਬਾਅਦ ਇਹ ਮਾਮਲਾ ਹੋਰ ਗਰਮਾਉਣ ਦੇ ਆਸਾਰ ਹਨ।
ਖਬਰਾਂ ਮੁਤਾਬਕ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਧਿਰਾਂ ਇਕ ਦੂਜੇ ਦੀਆਂ ਕਮੀਆਂ ਲੱਭਣ ਵਿਚ ਲੱਗੀਆਂ ਹੋਈਆਂ ਹਨ ਅਤੇ ਜਿੱਥੇ ਵੀ ਕਿਸੇ ਦੀ ਕੋਈ ਕਮੀ ਜਾਹਰ ਹੁੰਦੀ ਹੈ ਤਾਂ ਉਸ ਨੂੰ ਮੁੱਦਾ ਬਣਾਉਣ ਦੀ ਕਵਾਇਦ ਸ਼ੁਰੂ ਹੋ ਜਾਂਦੀ ਹੈ। ਇਸੇ ਦੇ ਚਲਦਿਆਂ ਹਾਲਾਤ ਇਹ ਨੇ ਕਿ ਹੁਣ ਮੁੱਦਾ ਕੇਵਲ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਨਹੀਂ ਰਿਹਾ ਬਲਕਿ ਸਾਰੀਆਂ ਸਿਆਸੀ ਧਿਰਾਂ ਉਸ ਮੁੱਦੇ ਵਿਚ ਆਪਣੀ ਰਾਇ ਦੇ ਰਹੀਆਂ ਨੇ। ਪੰਜਾਬ ਸਰਕਾਰ ਜਿੱਥੇ ਮਾਮਲੇ ਨੂੰ ਠੰਡਾ ਕਰਨ ਦੀਆਂ ਕੋਸ਼ਿਸ਼ਾਂ ਵਿਚ ਹੈ ਉੱਥੇ ਹੀ ਵਿਰੋਧੀ ਧਿਰਾਂ ਇਸ ਨੂੰ ਹੋਰ ਉਭਾਰਨ ਵਿਚ ਲੱਗੀਆਂ ਹੋਈਆਂ ਨੇ। ਇਹੀ ਕਾਰਨ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਵੀ ਇਹ ਮੁੱਦਾ ਚਰਚਾ ਵਿਚ ਬਣੇ ਰਹਿਣ ਦੇ ਆਸਾਰ ਹਨ।

LEAVE A REPLY

Please enter your comment!
Please enter your name here