ਮੁਕਤਸਰ ਮਾਘੀ ਮੇਲੇ ਮੌਕੇ ਸਿਆਸੀ ਕਾਨਫਰੰਸਾਂ ਦੀ ਤਿਆਰੀ/ ਸਾਰੀਆਂ ਧਿਰਾਂ ਕਰਨਗੀਆਂ ਕਾਨਫਰੰਸਾਂ/ ਅਕਾਲੀ ਦਲ ਵੱਲੋਂ ਵਿਸ਼ਾਲ ਪੰਡਾਲ ਦਾ ਕੰਮ ਸ਼ੁਰੂ

0
8

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਲੱਗਣ ਵਾਲੀਆਂ ਸਿਆਸੀ ਕਾਨਫਰੰਸਾਂ ਦੀ ਤਿਆਰੀ ਸ਼ੁਰੂ ਹੋ ਗਈ ਐ। ਇੱਥੇ ਲੱਗਣ ਵਾਲੇ ਮੇਲੇ ਮੌਕੇ ਜਿਥੇ ਪਹਿਲੀ ਵਾਰ ਬੀਜੇਪੀ ਅਤੇ ਆਮ ਆਦਮੀ ਪਾਰਟੀ ਵਲੋਂ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਵੱਡੀ ਕਾਨਫਰੰਸ ਕੀਤੀ ਜਾ ਰਹੀ ਐ। ਅਕਾਲੀ ਦਲ ਦੀ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਵਰਕਰਾਂ ਦੇ ਪਹੁੰਚਣ ਦੀ ਉਮੀਦ ਐ, ਜਿਸ ਦੇ ਚਲਦਿਆਂ ਪਾਰਟੀ ਵੱਲੋਂ ਇਕ ਵੱਡਾ ਪੰਡਾਲ ਬਣਾਇਆ ਜਾ ਰਿਹਾ ਐ, ਜਿਸ ਦੀ ਤਿਆਰੀ ਜੰਗੀ ਪੱਧਰ ਤੇ ਚੱਲ ਰਹੀ ਐ। ਇਸ ਤੋਂ ਇਲਾਵਾ ਬਾਕੀ ਪਾਰਟੀਆਂ ਵੱਲੋਂ ਵੀ ਪੰਡਾਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਐ।
ਇਸ ਵਾਰ ਜਿੱਥੇ 11 ਸਾਲਾ ਬਾਅਦ ਆਮ ਆਦਮੀ ਪਾਰਟੀ ਆਪਣਾ ਸਿਆਸੀ ਮੰਚ ਸਜਾਵੇਗੀ, ਉੱਥੇ ਹੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਸਿਆਸੀ ਕਾਨਫਰੰਸ ਕਰੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਨਫਰੰਸ ਲਈ ਥਾਂ ਦੀ ਚੋਣ ਕਰਨ ਸਬੰਧੀ ਆਮ ਆਦਮੀ ਪਾਰਟੀ ਦੀ ਖ਼ਾਸ ਟੀਮ ਦਿੱਲੀ ਤੋਂ ਇੱਥੇ ਪੁੱਜੇਗੀ। ਮਾਘੀ ਮੇਲੇ ‘ਤੇ ਬਾਦਲਾਂ ਦੇ ਗੜ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੀਆਂ ਸਿਆਸੀ ਕਾਨਫਰੰਸਾਂ ਦਾ ਵਿਧਾਨ ਸਭਾ ਚੋਣਾਂ-2027 ਨੂੰ ਲੈ ਕੇ ਖ਼ਾਸ ਮਹੱਤਵ ਹੈ।
ਭਾਜਪਾ ਦੀ ਕਾਨਫਰੰਸ ‘ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਣੇ 2 ਕੇਂਦਰੀ ਮੰਤਰੀ ਅਤੇ ਹਰਿਆਣਾ-ਰਾਜਸਥਾਨ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਭਾਜਪਾ ਅਜੇ ਤੱਕ ਆਪਣੀ ਗਠਜੋੜ ਪਾਰਟੀ ਅਕਾਲੀ ਦਲ ਨਾਲ ਸਟੇਜ ਸਾਂਝੀ ਕਰਦੀ ਰਹੀ ਹੈ ਪਰ ਇਸ ਵਾਰ ਹਾਲਾਤ ਵੱਖਰੇ ਹਨ। ਉੱਥੇ ਹੀ ਅਕਾਲੀ ਦਲ ਵੀ ਹਰ ਸਾਲ ਦੀ ਤਰ੍ਹਾਂ ਆਪਣੀ ਰਵਾਇਤੀ ਥਾਂ ਮਲੋਟ-ਬਠਿੰਡਾ ਬਾਈਪਾਸ ‘ਤੇ ਕਾਨਫਰੰਸ ਕਰੇਗਾ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਡੇਰਾ ਭਾਈ ਮਸਤਾਨ ਸਿੰਘ ‘ਚ ਕਾਨਫਰੰਸ ਕਰਨਗੇ। ਇਸ ਤੋਂ ਇਲਾਵਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ‘ਵਾਰਿਸ ਪੰਜਾਬ ਦੇ’ ਵਲੋਂ ਵੀ ਕਾਨਫਰੰਸ ਦਾ ਐਲਾਨ ਕੀਤਾ ਗਿਆ ਹੈ।
ਗੱਲ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਇਸ ਦੀ ਕਾਨਫਰੰਸ ਲਈ ਪੰਡਾਲ ਬਣਾਉਣ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਐ। ਕੰਮ ਦੀ ਨਿਗਰਾਨੀ ਕਰ ਰਹੇ ਆਗੂਆਂ ਦਾ ਕਹਿਣਾ ਐ ਕਿ ਪਾਰਟੀ ਵੱਲੋਂ ਪਿੰਡਾਂ ਵਿਚ ਮੀਟਿੰਗਾਂ ਦਾ ਕੰਮ ਮੁਕੰਮਲ ਕਰ ਲਿਆ ਐ ਤੇ ਪਾਰਟੀ ਵੱਲੋਂ ਮਾਘੀ ਮੇਲੇ ਮੌਕੇ ਹੋਣ ਵਾਲੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਆਖਰੀ ਰੈਲੀ ਹੈ ਅਤੇ ਅਗਲੇ ਸਾਲ ਚੋਣ ਜਾਬਤਾ ਲਾਗੂ ਹੋ ਜਾਵੇਗਾ, ਇਸ ਲਈ ਸਾਰੀਆਂ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ ਅਤੇ ਅਕਾਲੀ ਦਲ ਵੱਲੋਂ ਵੀ ਤਿਆਰੀ ਪੂਰੀ ਜੋਰ ਸ਼ੋਰ ਨਾਲ ਚੱਲ ਰਹੀ ਐ, ਜਿਸ ਲਈ ਪਾਰਟੀ ਵਰਕਰਾਂ ਤੇ ਆਗੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਐ।

LEAVE A REPLY

Please enter your comment!
Please enter your name here