
ਲੁਧਿਆਣਾ ਦੇ ਪਾਸ਼ ਇਲਾਕੇ ਸਿਵਲ ਸਿਟੀ ਵਿਖੇ ਬੀਤੀ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ ਕੱਪੜੇ ਦੀ ਮਸ਼ਹੂਰ ਦੁਕਾਨ ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ। ਖਬਰਾਂ ਮੁਤਾਬਕ ਬਦਮਾਸ਼ਾਂ ਨੇ 4 ਤੋਂ 5 ਰਾਊਂਡ ਫਾਇਰਿੰਗ ਕੀਤੀ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ 4 ਖੋਲ ਬਰਾਮਦ ਕੀਤੇ ਨੇ। ਦੁਕਾਨਦਾਰ ਦੇ ਦੱਸਣ ਮੁਤਾਬਕ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਇਹ ਗੋਲੀਆਂ ਤਿੰਨ ਨਕਾਬਪੋਸ਼ ਮੋਟਰ ਸਾਇਕਲ ਸਵਾਰਾਂ ਨੇ ਚਲਾਈਆਂ ਹਨ। ਵਾਰਦਾਤ ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਦਫ਼ਦਰ ਦੇ ਬਿਲਕੁੱਲ ਸਾਹਮਣੇ ਹੋਈ, ਜਿਸ ਨਾਲ ਇਲਾਕੇ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਗਨੀਮਤ ਇਹ ਰਹੀ ਕਿ ਵਾਰਦਾਤ ਵੇਲੇ ਦੁਕਾਨ ਬੰਦ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਉਧਰ ਦੁਕਾਨ ਮਾਲਕ ਹਿਮਾਂਸ਼ੂ ਹਾਂਡਾ ਨੇ ਮੀਡੀਆ ਸਾਮ੍ਹਣੇ ਆ ਕੇ ਇਕਸਾਫ ਕੀਤਾ ਕਿ ਉਸ ਨੂੰ ਦੋ ਦਿਨ ਪਹਿਲਾਂ ਇਕ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਗੋਲਡੀ ਬਰਾੜ ਗੈਂਗ ਦਾ ਮੈਂਬਰ ਦੱਸਦਿਆਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਹਿਮਾਂਸ਼ੂ ਨੇ ਇਸ ਨੂੰ ਕਿਸੇ ਦੀ ਸ਼ਰਾਰਤ ਸਮਝ ਕੇ ਅਣਸੁਣਿਆ ਕਰ ਦਿੱਤਾ ਤੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ।
ਪੀੜਤ ਦੇ ਦੱਸਣ ਮੁਤਾਬਕ ਉਸ ਨੂੰ ਸ਼ਨੀਵਾਰ ਰਾਤ ਨੂੰ ਫ਼ੋਨ ‘ਤੇ ਇਕ ਵੁਆਇਸ ਮੈਸੇਜ ਭੇਜਿਆ ਗਿਆ, ਜਿਸ ਵਿਚ ਚੇਤਾਵਨੀ ਦਿੱਤੀ ਗਈ ਕਿ ਹੁਣ ਤੇਰੇ ਕੋਲ ਸਿਰਫ਼ 2 ਘੰਟੇ ਬਚੇ ਹਨ। ਦੁਕਾਨਦਾਰ ਨੇ ਇਸ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ, ਜਿਸ ਦਾ ਨਤੀਜਾ ਸੋਮਵਾਰ ਰਾਤ ਨੂੰ ਫ਼ਾਇਰਿੰਗ ਦੇ ਰੂਪ ਵਿਚ ਵੇਖਣ ਨੂੰ ਮਿਲਿਆ ਹੈ।
ਵਾਰਦਾਤ ਦਾ ਪਤਾ ਮੰਗਲਵਾਰ ਸਵੇਰੇ ਉਸ ਵੇਲੇ ਲੱਗਿਆ ਜਦੋਂ ਹਿਮਾਂਸ਼ੂ ਨੇ ਦੁਕਾਨ ਖ਼ੋਲ੍ਹੀ। ਸ਼ਟਰ ‘ਤੇ ਗੋਲ਼ੀਆਂ ਦੇ ਨਿਸ਼ਾਨ ਤੇ ਖਾਲੀ ਖੋਲ ਪਏ ਵੇਖ ਕੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉੱਚ ਅਧਿਕਾਰੀ ਭਾਰੀ ਫ਼ੋਰਸ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ।


