
ਲੁਧਿਆਣਾ ਅਧੀਨ ਆਉਂਦੇ ਪਿੰਡ ਹਵਾਸ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਕ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਇਨਕਾਰ ਕਰਨ ਦਾ ਮੁੱਦਾ ਗਰਮਾ ਗਿਆ ਐ। ਸਤਿਕਾਰ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਕਮੇਟੀ ਖਿਲਾਫ ਕਾਰਵਾਈ ਮੰਗੀ ਐ। ਸਤਿਕਾਰ ਕਮੇਟੀ ਦੇ ਦੋਸ਼ਾਂ ਮੁਤਾਬਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੇ ਇਕ ਸਿੱਖ ਨੂੰ ਉਗਰਾਹੀ ਦੀ ਪਰਚੀ ਨਾ ਕਟਵਾਉਣ ਦੇ ਚਲਦਿਆਂ ਸਰੂਪ ਦੇਣ ਤੋਂ ਨਾਂਹ ਕੀਤੀ ਐ ਜੋ ਗੁਰ-ਮਰਿਆਦਾ ਦੀ ਉਲੰਘਣਾ ਐ। ਮੰਗ ਕੀਤੀ ਉਗਰਾਹੀ ਦੀ ਰਕਮ ਲੱਖਾਂ ਰੁਪੇ ਦੱਸੀ ਜਾ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇੱਕ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸ ਲਈ ਨਹੀਂ ਦਿੱਤਾ ਕਿ ਉਸ ਨੇ ਘਰ ਵਿਚ ਜਾਨਵਰ ਰੱਖੇ ਹੋਏ ਹਨ ਅਤੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਉਗਰਾਹੀ ਦੀ ਪਰਚੀ ਨਹੀਂ ਕਟਵਾਉਂਦਾ। ਸਤਿਕਾਰ ਕਮੇਟੀ ਦੇ ਦੱਸਣ ਮੁਤਾਬਕ ਉਗਰਾਹੀ ਦੀ ਮੰਗੀ ਰਕਮ 5 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਪ੍ਰਬੰਧਕਾਂ ਦਾ ਕਹਿਣਾ ਐ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣਾ ਐ ਤਾਂ ਇਕ ਲੱਖ ਰੁਪਏ ਦੇਣੇ ਪੈਣਗੇ। ਸਤਿਕਾਰ ਕਮੇਟੀ ਦਾ ਇਲਜਾਮ ਐ ਕਿ ਇਹ ਫੈਸਲਾ ਪੂਰੀ ਤਰ੍ਹਾਂ ਨਿੰਦਣਯੋਗ ਅਤੇ ਗੁਰੂ ਦੀ ਮਰਿਆਦਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਕਿਸੇ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਰੋਕਣ ਤੋਂ ਵੱਡੀ ਭੁੱਲ ਕੀ ਹੋ ਸਕਦੀ ਹੈ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੁੱਝ ਪਤਿਤ ਸਿੱਖ ਵੀ ਮੌਜੂਦ ਨੇ ਜਿਨ੍ਹਾਂ ਉਤੇ ਮੀਟ-ਸ਼ਰਾਬ ਦੇ ਸੇਵਣ ਦੇ ਇਲਜਾਮ ਵੀ ਲੱਗਦੇ ਰਹੇ ਨੇ। ਸਤਿਕਾਰ ਕਮੇਟੀ ਦੇ ਅਨੁਸਾਰ, ਜਿਸ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੱਤਾ ਗਿਆ ਉਹ ਪਿੰਡ ਦਾ ਮੌਜੂਦਾ ਸਰਪੰਚ ਹੈ, ਜਦੋਂ ਕਿ ਇਸ ਨੂੰ ਰੋਕਣ ਵਾਲਾ ਵਿਅਕਤੀ ਇੱਕ ਹਾਰਿਆ ਹੋਇਆ ਸਰਪੰਚ ਹੈ। ਇਹ ਸਾਰੀ ਘਟਨਾ ਪੱਖਪਾਤ ਅਤੇ ਨਿੱਜੀ ਦੁਸ਼ਮਣੀ ਦਾ ਨਤੀਜਾ ਹੈ।
ਪਿੰਡ ਦੇ ਮੌਜੂਦਾ ਸਰਪੰਚ ਰਾਜਵੰਤ ਸਿੰਘ ਦਾ ਕਹਿਣਾ ਐ ਕਿ ਪ੍ਰਬੰਧਕ ਕਮੇਟੀ ਦਾ ਇਲਜਾਮ ਐ ਕਿ ਮੇਰੇ ਘਰ ਜਾਨਵਰ ਰੱਖੇ ਹੋਏ ਹਨ, ਜਿਸ ਕਾਰਨ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਐ। ਉਨ੍ਹਾਂ ਕਿਹਾ ਕਿ ਮੇਰੇ ਤੋਂ 1 ਲੱਖ 11 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਖੰਡ ਪਾਠ ਰਖਵਾਉਣ ਲਈ ਚੰਦੋਆ ਸਾਹਿਬ ਬਗੈਰਾ ਦੇ ਦਿੱਤਾ ਸੀ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਗਏ ਤਾਂ ਉਨ੍ਹਾਂ ਨੇ ਸਰੂਪ ਦੇਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਤੋਂ ਉਗਰਾਹੀ ਦੀ ਰਕਮ 31 ਹਜ਼ਾਰ ਤੇ ਦੇਗ ਦੀ ਪਰਚੀ 500 ਤੋਂ ਘੱਟ ਸਵੀਕਾਰ ਨਹੀਂ ਕੀਤੀ ਜਾਂਦੀ। ਉਸ ਨੇ ਕਿਹਾ ਕਿ ਮੈਂ ਲੋੜਵੰਦਾਂ ਦੀ ਮਦਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਪਾਰਟੀਬਾਜ਼ੀ ਦੇ ਚਲਦਿਆਂ ਹੋ ਰਿਹਾ ਐ।
ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਨੇ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤ ਅੰਦਰ ਵੀ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਸਤਿਕਾਰ ਕਮੇਟੀ ਨੇ ਕਿਹਾ ਕਿ ਪਹਿਲਾਂ ਕਦੇ ਵੀ ਅਜਿਹੀ ਘਟਨਾ ਦੇਖੀ ਜਾਂ ਸੁਣੀ ਨਹੀਂ ਗਈ, ਇਸ ਲਈ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਜਾਂਚ ਤੋਂ ਬਾਦ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।


