ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਪੈਰਿਸ ਦੌਰਾ/ ਯੂਕਰੇਨ ਦੇ ਸਾਥੀ ਦੇਸ਼ਾਂ ਨਾਲ ਕਰਨਗੇ ਮੀਟਿੰਗ/ ਯੂਕਰੇਨ-ਰੂਸ ਵਿਚਾਲੇ ਸੰਭਾਵੀ ਸਮਝੌਤਿਆਂ ਬਾਰੇ ਚਰਚਾ

0
8

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬੀਤੇ ਦਿਨ ਪੈਰਿਸ ਪਹੁੰਚੇ, ਜਿੱਥੇ ਉਹ ਯੂਕਰੇਨ ਦੇ ਸਾਥੀ ਦੇਸ਼ਾਂ ਨਾਲ ਇਕ ਮਹੱਤਵਪੂਰਨ ਬੈਠਕ ਵਿੱਚ ਹਿੱਸਾ ਲੈਣਗੇ। ਇਸ ਮੀਟਿੰਗ ਦਾ ਮਕਸਦ ਰੂਸ-ਯੂਕਰੇਨ ਜੰਗ ਨੂੰ ਰੋਕਣਾ ਅਤੇ ਅੱਗੇ ਤੋਂ ਹਮਲਾ ਨਾ ਹੋਣ ਨੂੰ ਯਕੀਨੀ ਬਣਾਉਣਾ ਹੈ। ਮੀਟਿੰਗ ਵਿਚ ਕੈਨੇਡਾ, ਫ਼ਰਾਂਸ ਅਤੇ ਹੋਰ ਯੂਰਪੀ ਦੇਸ਼ ਨਾਲ ਸਬੰਧਤ ਕੋਅਲਿਸ਼ਨ ਆਫ਼ ਦ ਵਿਲਿੰਗ ਦੇ ਮੈਂਬਰ ਸ਼ਾਮਲ ਹੋਣਗੇ। ਇਹ ਮੀਟਿੰਗ ਰੂਸ ਵੱਲੋਂ ਲਗਭਗ ਚਾਰ ਸਾਲ ਪਹਿਲਾਂ ਕੀਤੀ ਗਈ ਪੂਰਨ ਪੱਧਰੀ ਚੜ੍ਹਾਈ ਤੋਂ ਬਾਅਦ ਯੂਕਰੇਨ ਵਿੱਚ ਸ਼ਾਂਤੀ ਲਈ ਗੱਲਬਾਤ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਵਿੱਚ ਤਕਰੀਬਨ 30 ਦੇਸ਼ਾਂ ਦੇ ਨੇਤਾ ਸ਼ਾਮਲ ਹੋਣਗੇ। ਇਹ ਗੱਲਬਾਤ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਨਸਕੀ ਵੱਲੋਂ ਹਾਲ ਹੀ ਵਿੱਚ ਸਰਕਾਰ ਵਿੱਚ ਕੀਤੇ ਗਏ ਵੱਡੇ ਫੇਰਬਦਲਾਂ ਤੋਂ ਬਾਅਦ ਹੋ ਰਹੀ ਹੈ।
ਪਿਛਲੇ ਸ਼ੁੱਕਰਵਾਰ ਨੂੰ ਜ਼ੇਲੇਨਸਕੀ ਨੇ ਨਵਾਂ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਸੀ ਅਤੇ ਸੋਮਵਾਰ ਨੂੰ ਯੂਕਰੇਨ ਦੀ ਸੁਰੱਖਿਆ ਸੇਵਾ ਦੇ ਮੁਖੀ ਨੂੰ ਹਟਾ ਕੇ ਕੈਨੇਡਾ ਦੀ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟਿਆ ਫ਼ਰੀਲੈਂਡ ਨੂੰ ਆਰਥਿਕ ਵਿਕਾਸ ਦੀ ਸਲਾਹਕਾਰ ਨਿਯੁਕਤ ਕੀਤਾ।ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਕ ਮੀਡੀਆ ਬਿਆਨ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਮੁੱਖ ਤਰਜੀਹ ਯੂਕਰੇਨ ਦੀ ਸੁਰੱਖਿਆ ਮਜ਼ਬੂਤ ਕਰਨਾ ਅਤੇ ਭਵਿੱਖ ਵਿੱਚ ਰੂਸੀ ਹਮਲਿਆਂ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ, ਅਮਰੀਕਾ ਅਤੇ ਹੋਰ ਸਾਥੀ ਦੇਸ਼ਾਂ ਨਾਲ ਮਿਲ ਕੇ ਯੂਕਰੇਨ ਲਈ ਸੁਰੱਖਿਆ ਗਾਰੰਟੀਆਂ ਯਕੀਨੀ ਬਣਾਉਣ ‘ਤੇ ਕੰਮ ਕਰ ਰਿਹਾ ਹੈ।
ਬਿਆਨ ਵਿੱਚ ਕਿਹਾ ਗਿਆ ਕਿ ਕੈਨੇਡਾ ਆਪਣੇ ਸਾਥੀਆਂ ਨਾਲ ਮਿਲ ਕੇ ਯੂਕਰੇਨ ਦੀ ਰੱਖਿਆ ਸਮਰਥਾ ਵਧਾਉਣ, ਲੰਬੇ ਸਮੇਂ ਦੀ ਮੁੜ-ਨਿਰਮਾਣ ਯੋਜਨਾਵਾਂ ਵਿੱਚ ਸਹਾਇਤਾ ਕਰਨ ਅਤੇ ਜੰਗ ਦੌਰਾਨ “ਗੈਰ-ਕਾਨੂੰਨੀ ਤਰੀਕੇ ਨਾਲ ਡਿਪੋਰਟ” ਕੀਤੇ ਗਏ ਯੂਕਰੇਨੀ ਬੱਚਿਆਂ ਦੀ ਵਾਪਸੀ ਲਈ ਯਤਨ ਕਰ ਰਿਹਾ ਹੈ।ਸ਼ਨੀਵਾਰ ਨੂੰ ਰਾਸ਼ਟਰਪਤੀ ਜ਼ੇਲੇਨਸਕੀ ਨੇ ਘੱਟੋ-ਘੱਟ 15 ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਅਤੇ ਯੂਰਪ ਤੇ ਨਾਟੋ ਦੇ ਪ੍ਰਤੀਨਿਧੀਆਂ ਨਾਲ ਸ਼ਾਂਤੀ ਪ੍ਰਕਿਰਿਆ ‘ਤੇ ਵਿਚਾਰ-ਵਟਾਂਦਰਾ ਕੀਤਾ। ਕੈਨੇਡਾ ਵੱਲੋਂ ਪ੍ਰਧਾਨ ਮੰਤਰੀ ਕਾਰਨੀ ਦੇ ਵਿਦੇਸ਼ ਅਤੇ ਰੱਖਿਆ ਨੀਤੀ ਸਲਾਹਕਾਰ ਡੇਵਿਡ ਐਂਜਲ ਨੇ ਇਨ੍ਹਾਂ ਮੀਟਿੰਗਾਂ ਵਿੱਚ ਹਿੱਸਾ ਲਿਆ।ਕੈਨੇਡਾ ਯੂਕਰੇਨ ਦੀ ਮੁੜ-ਬਹਾਲੀ ਲਈ ਪ੍ਰਤੀ ਵਿਅਕਤੀ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਪਿਛਲੇ ਮਹੀਨੇ ਦੇ ਅੰਤ ‘ਚ ਹੈਲਿਫੈਕਸ ਵਿੱਚ ਕਾਰਨੀ ਅਤੇ ਜ਼ੇਲੇਨਸਕੀ ਦੀ ਮੁਲਾਕਾਤ ਦੌਰਾਨ ਕੈਨੇਡਾ ਨੇ 2.5 ਅਰਬ ਡਾਲਰ ਦੀ ਫ਼ੰਡਿੰਗ ਅਤੇ ਲੋਨ ਗਾਰੰਟੀਆਂ ਦਾ ਐਲਾਨ ਕੀਤਾ ਸੀ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਿਨ੍ਹਾਂ ਨੇ ਇੱਕ ਦਿਨ ਬਾਅਦ ਜ਼ੇਲੇਨਸਕੀ ਦੀ ਮਾਰ-ਅ-ਲਾਗੋ ਰਿਸੋਰਟ ਵਿੱਚ ਮਿਜ਼ਬਾਨੀ ਕੀਤੀ, ਨੇ ਕਿਹਾ ਕਿ ਯੂਕਰੇਨ ਅਤੇ ਰੂਸ ਸ਼ਾਂਤੀ ਸਮਝੌਤੇ ਦੇ “ਹੁਣ ਤੱਕ ਸਭ ਤੋਂ ਨੇੜੇ” ਹਨ। ਹਾਲਾਂਕਿ ਉਨ੍ਹਾਂ ਇਹ ਵੀ ਮੰਨਿਆ ਕਿ ਕੁਝ ਵੱਡੀਆਂ ਰੁਕਾਵਟਾਂ ਅਜੇ ਵੀ ਮੌਜੂਦ ਹਨ। ਨਵੇਂ ਸਾਲ ਦੇ ਸੰਬੋਧਨ ਵਿੱਚ ਜ਼ੇਲੇਨਸਕੀ ਨੇ ਕਿਹਾ ਸੀ ਕਿ ਅਮਰੀਕਾ ਦੀ ਮਧਸਥਤਾ ਨਾਲ ਤਿਆਰ ਕੀਤਾ ਗਿਆ ਸ਼ਾਂਤੀ ਸਮਝੌਤਾ “90 ਫ਼ੀਸਦੀ ਤਿਆਰ” ਹੈ, ਪਰ ਵਿਵਾਦਿਤ ਇਲਾਕਿਆਂ ਦਾ ਭਵਿੱਖ ਅਜੇ ਵੀ ਮੁੱਦਾ ਬਣਿਆ ਹੋਇਆ ਹੈ।ਯੂਨੀਵਰਸਿਟੀ ਆਫ਼ ਓਟਾਵਾ ਦੇ ਪ੍ਰੋਫੈਸਰ ਬੈਂਜਾਮਿਨ ਜ਼ਾਇਲਾ ਨੇ ਕਿਹਾ ਕਿ ਮੌਜੂਦਾ ਸ਼ਾਂਤੀ ਯੋਜਨਾ ਯੂਕਰੇਨ ਲਈ ਕੁਝ ਅਹਿਮ ਸਵਾਲ ਛੱਡਦੀ ਹੈ, ਜਿਵੇਂ ਕਿ ਦੇਸ਼ ਦੀ ਭੂਗੋਲਿਕ ਅਖੰਡਤਾ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿਰਫ਼ ਯੂਕਰੇਨੀ ਲੋਕਾਂ ਨੇ ਹੀ ਕਰਨਾ ਹੈ ਅਤੇ ਕੈਨੇਡਾ ਸਰਕਾਰ ਵੀ ਇਹ ਗੱਲ ਸਾਫ਼ ਕਰ ਚੁੱਕੀ ਹੈ।ਜ਼ਾਇਲਾ ਮੁਤਾਬਕ ਦੂਜਾ ਵੱਡਾ ਮੁੱਦਾ ਇਹ ਹੈ ਕਿ ਜੇਕਰ ਸ਼ਾਂਤੀ ਸਮਝੌਤਾ ਹੁੰਦਾ ਹੈ ਤਾਂ ਯੂਕਰੇਨ ਦੀ ਸਰਹੱਦਾਂ ਦੀ ਰੱਖਿਆ ਕਿਵੇਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸ਼ਾਂਤੀ ਫੌਜ ਲਾਜ਼ਮੀ ਹੋਵੇਗੀ, ਪਰ ਇਹ ਪੁਰਾਣੀਆਂ ਪੀਸਕੀਪਿੰਗ ਮਿਸ਼ਨਾਂ ਵਾਂਗ ਨਹੀਂ, ਸਗੋਂ ਇੱਕ “ਇਨਫੋਰਸਮੈਂਟ ਮਿਸ਼ਨ” ਵਾਂਗ ਕੰਮ ਕਰੇਗੀ।ਮੰਗਲਵਾਰ ਨੂੰ ਕਾਰਨੀ ਨਾਟੋ ਦੇ ਸਕੱਤਰ ਜਨਰਲ ਮਾਰਕ ਰੁੱਟੇ ਨਾਲ ਵੀ ਪੈਰਿਸ ਵਿੱਚ ਮੁਲਾਕਾਤ ਕਰਨਗੇ। ਇਹ ਬੈਠਕ ਫ਼ਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋਂ ਵੱਲੋਂ ਮਿਜ਼ਬਾਨੀ ਕੀਤੀ ਜਾ ਰਹੀ ਹੈ।
ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ, ਜਦੋਂ ਕੁਝ ਦਿਨ ਪਹਿਲਾਂ ਅਮਰੀਕਾ ਨੇ ਇੱਕ ਫੌਜੀ ਕਾਰਵਾਈ ਦੌਰਾਨ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਾਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਦੇਸ਼ ਤੋਂ ਬਾਹਰ ਕੱਢ ਲਿਆ। ਇਸ ਕਾਰਵਾਈ ਦੌਰਾਨ ਕਰਾਕਾਸ ਵਿੱਚ ਧਮਾਕਿਆਂ ਅਤੇ ਹਵਾਈ ਜਹਾਜ਼ਾਂ ਦੀ ਗਤੀਵਿਧੀ ਵੀ ਦੇਖੀ ਗਈ।ਪ੍ਰੋਫੈਸਰ ਜ਼ਾਇਲਾ ਨੇ ਕਿਹਾ ਕਿ ਵੇਨੇਜ਼ੁਏਲਾ ਵਿੱਚ ਹੋਈ ਇਹ ਘਟਨਾ ਵੀ ਪੈਰਿਸ ਦੀ ਮੀਟਿੰਗ ਵਿੱਚ ਚਰਚਾ ਦਾ ਵਿਸ਼ਾ ਬਣ ਸਕਦੀ ਹੈ, ਕਿਉਂਕਿ ਕਈ ਵਿਸ਼ੇਸ਼ਗਿਆ ਇਸਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਮੰਨਦੇ ਹਨ।ਇਸਦੇ ਨਾਲ ਹੀ ਟਰੰਪ ਨੇ ਐਤਵਾਰ ਨੂੰ ਗ੍ਰੀਨਲੈਂਡ ‘ਤੇ ਅਮਰੀਕੀ ਕਬਜ਼ੇ ਦੀ ਮੰਗ ਦੁਹਰਾਈ, ਜਿਸਨੂੰ ਉਹ ਰਾਸ਼ਟਰੀ ਸੁਰੱਖਿਆ ਨਾਲ ਜੋੜਦੇ ਹਨ। ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ਼ਰੇਡਰਿਕਸਨ ਨੇ ਇਸ ਬਿਆਨ ਨੂੰ ਸਖ਼ਤੀ ਨਾਲ ਰੱਦ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਗ੍ਰੀਨਲੈਂਡ ਨੂੰ ਅਪਹਰਨ ਕਰਨ ਦਾ ਕੋਈ ਅਧਿਕਾਰ ਨਹੀਂ।

LEAVE A REPLY

Please enter your comment!
Please enter your name here