ਲੁਧਿਆਣਾ ’ਚ 67ਵੀਂਆਂ ਕੌਮੀ ਸਕੂਲ ਖੇਡਾਂ ਸ਼ੁਰੂ/ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਉਦਘਾਟਨ

0
5

ਲੁਧਿਆਣਾ ਵਿਖੇ 67ਵੀਂਆਂ ਰਾਸ਼ਟਰੀ ਸਕੂਲ ਖੇਡਾਂ ਸ਼ੁਰੂ ਹੋ ਗਈਆਂ ਨੇ। ਇਨ੍ਹਾਂ ਖੇਡਾਂ ਦਾ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ। ਪੀਏਯੂ ਦੇ  ਖੇਡ ਮੈਦਾਨ ਵਿੱਚ ਹੋ ਰਹੀਆਂ ਇਨ੍ਹਾਂ ਖੇਡਾਂ ਵਿਚ ਦੇਸ਼ ਭਰ ਤੋਂ ਜੂਡੋ, ਕਰਾਟੇ ਅਤੇ ਫੁਟਬਾਲ ਦੇ ਖਿਡਾਰੀ ਪਹੁੰਚੇ ਹੋਏ ਹਨ। ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਦੀ ਸਪੋਰਟਸ ਸ਼ਾਖਾ ਵੱਲੋਂ ਕਰਵਾਈਆਂ ਜਾ ਰਹੀਆਂ ਇਨ੍ਹਾਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਦੇਸ਼ ਭਰ ਵਿੱਚੋਂ ਸਕੂਲਾਂ ਦੇ ਖਿਡਾਰੀ ਸ਼ਿਰਕਤ ਕਰ ਰਹੇ ਹਨ।
ਇਸ ਮੌਕੇ ਆਪਣੇ ਸੰਬੋਧਨ ਵਿਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਸਰਕਾਰ ਦੇ ਖੇਡਾਂ ਦੇ ਖੇਤਰ ਵਿਚ ਕੀਤੇ ਕੰਮਾਂ ਦਾ ਗੁਣਗਾਣ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾਂ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਨੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਦੇਸ਼ ਦੀਆਂ ਵੱਡੀਆਂ ਖੇਡ ਟੀਮਾਂ ਦੇ ਕਪਤਾਨ ਪੰਜਾਬ ਤੋਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੇਡਾਂ ਨਾਲ ਖਾਸ ਲਗਾਉ ਐ, ਜਿਸ ਦੇ ਚਲਦਿਆਂ ਪੰਜਾਬ ਖੇਡਾਂ ਦੇ ਖੇਤਰ ਵਿਚ ਸਨਮਾਨਯੋਗ ਪ੍ਰਾਪਤੀਆਂ ਕਰ ਰਿਹਾ ਹੈ ਅਤੇ ਇਹ ਦੌਰ ਅੱਗੇ ਵੀ ਜਾਰੀ ਰਹੇਗਾ।
ਦੱਸਣਯੋਗ ਹੈ ਕਿ 6 ਤੋਂ 11 ਜਨਵਰੀ ਤੱਕ ਚੱਲਣ ਵਾਲੀਆਂ ਖੇਡਾਂ ਵਿੱਚ 36 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਫੁਟਬਾਲ ਦੀਆਂ 26, ਜੂਡੋ ਲੜਕਿਆਂ ਦੀਆਂ 32, ਲੜਕੀਆਂ ਦੀਆਂ 31, ਕਰਾਟੇ ’ਚ ਲੜਕੀਆਂ ਦੀਆਂ 22 ਅਤੇ ਲੜਕਿਆਂ ਦੀਆਂ 23 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਦੇ ਖਿਡਾਰੀ ਬੀਤੇ ਦਿਨ ਹੀ ਪੀਏਯੂ ਕੈਂਪਸ ਵਿੱਚ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੇ ਮੈਦਾਨਾਂ ਦਾ ਜਾਇਜ਼ਾ ਲਿਆ ਉੱਥੇ ਖੇਡ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਨ ਲਈ ਪ੍ਰੈਕਟਿਸ ਕੀਤੀ।
ਖਬਰਾਂ ਮੁਤਾਬਕ ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਲਈ 50 ਦੇ ਕਰੀਬ ਪ੍ਰਿੰਸੀਪਲ ਅਤੇ ਮਕੂਲ ਮੁਖੀਆਂ ਦੀਆਂ ਵੱਖ-ਵੱਖ ਕਮੇਟੀਆਂ ਅਧੀਨ ਡਿਊਟੀਆਂ ਲਗਾਈਆਂ ਗਈਆਂ ਸਨ ਅਤੇ ਪੰਜਾਬ ਭਰ ਵਿਚੋਂ 300 ਦੇ ਕਰੀਬ ਖੇਡ ਅਧਿਆਪਕ ਵੀ ਇੱਥੇ ਤੈਨਾਤ ਕੀਤੇ ਗਏ ਹਨ। ਅੱਜ ਹੋਏ ਉਦਘਾਟਨੀ ਸਮਾਰੋਹ ਦੌਰਾਨ ਇੱਕ ਦਰਜਨ ਕਰੀਬ ਸਕੂਲਾਂ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਕੀਤੀ, ਜਿਸ ਦਾ ਸਿੱਖਿਆ ਮੰਤਰੀ ਸਮੇਤ ਪਹੁੰਚੀਆਂ ਹਸਤੀਆਂ ਨੇ ਆਨੰਦ ਮਾਣਿਆ। ਇਸ ਦੌਰਾਨ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਵੀ ਕੀਤਾ।

LEAVE A REPLY

Please enter your comment!
Please enter your name here