ਅੰਮ੍ਰਿਤਸਰ ’ਚ ਨਸ਼ੇ ਦੀ ਵਾਇਰਲ ਵੀਡੀਓ ਬਾਰੇ ਵੱਡਾ ਖੁਲਾਸਾ/ ਸਰਕਾਰੀ ਮੁਲਾਜ਼ਮ ਨਿਕਲਿਆ ਨਸ਼ੇ ’ਚ ਝੂਮਦਾ ਨੌਜਵਾਨ/ ਅਮਨ ਵਾਲਮੀਕੀ ਨੇ ਪੁਲਿਸ ਚੁਪੀ ’ਤੇ ਚੁੱਕੇ ਸਵਾਲ

0
3

ਅੰਮ੍ਰਿਤਸਰ ਦੇ ਲਵ ਕੁਸ਼ ਨਗਰ ਦੇ 23 ਨੰਬਰ ਫਾਟਕ ਇਲਾਕੇ ਤੋਂ ਨਸ਼ੇ ਦੀ ਵਾਇਰਲ ਵੀਡੀਓ ਮਾਮਲੇ ਵਿਚ ਨਵਾਂ ਮੋੜ ਆਇਆ ਐ। ਇਸ ਮਾਮਲੇ ਨੂੰ ਲੈ ਕੇ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਅਮਨ ਵਾਲਮੀਕੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਹਨ। ਅਮਨ ਵਾਲਮੀਕੀ ਦੇ ਦੱਸਣ ਮੁਤਾਬਕ ਨਸ਼ੇ ਦੀ ਹਾਲਾਤ ਵਿੱਚ ਦਿਖਾਈ ਦੇ ਰਿਹਾ ਨੌਜਵਾਨ ਕੋਈ ਆਮ ਵਿਅਕਤੀ ਨਹੀਂ, ਸਗੋਂ ਇੱਕ ਸਰਕਾਰੀ ਮੁਲਾਜ਼ਮ ਹੈ ਜੋ ਉਨ੍ਹਾਂ ਦੇ ਹੀ ਮੁਹੱਲੇ ਦਾ ਵਸਨੀਕ ਹੈ। ਉਨ੍ਹਾਂ ਦੇ ਮੁਤਾਬਕ ਉਸ ਨੌਜਵਾਨ ਦੇ ਨਾਲ ਹੋਰ 8 ਤੋਂ 10 ਨੌਜਵਾਨ ਵੀ ਹਨ ਜੋ ਨਸ਼ੇ ਦੇ ਪੂਰੀ ਤਰ੍ਹਾਂ ਆਦੀ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਲਾਕੇ ‘ਚ ਨਸ਼ੇ ਖ਼ਿਲਾਫ਼ ਆਵਾਜ਼ ਉਠਾਉਣ ‘ਤੇ ਉਹ ਨੌਜਵਾਨ ਉਨ੍ਹਾਂ ਨੂੰ ਅਤੇ ਹੋਰ ਮੁਹੱਲੇਦਾਰਾਂ ਨੂੰ ਧਮਕੀਆਂ ਦੇ ਰਹੇ ਹਨ, ਪਰ ਇਸ ਦੇ ਬਾਵਜੂਦ ਪੰਜਾਬ ਪੁਲਿਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਅਮਨ ਵਾਲਮੀਕੀ ਨੇ ਦੋਸ਼ ਲਗਾਇਆ ਕਿ ਜਦੋਂ ਵੀ ਪੁਲਿਸ ਕਾਰਵਾਈ ਲਈ ਆਉਂਦੀ ਹੈ ਤਾਂ ਕੁਝ ਮੁਹੱਲੇਦਾਰ ਮੇਜਰਨਾਮਾ ਲਿਖ ਕੇ ਦੇ ਦਿੰਦੇ ਹਨ ਕਿ ਇੱਥੇ ਨਸ਼ਾ ਨਹੀਂ ਵਿਕਦਾ।
ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੇਜਰਨਾਮਾ ਦੇਣ ਵਾਲਿਆਂ ਦੀ ਵੀ ਜਾਂਚ ਕੀਤੀ ਜਾਵੇ ਕਿਉਂਕਿ ਕਈ ਵਾਰ ਉਨ੍ਹਾਂ ਦੇ ਆਪਣੇ ਹੀ ਬੱਚੇ ਨਸ਼ੇ ਦੀ ਲਪੇਟ ਵਿੱਚ ਹੁੰਦੇ ਹਨ। ਅਮਨ ਵਾਲਮੀਕੀ ਨੇ ਕਿਹਾ ਕਿ ਇਲਾਕੇ ‘ਚ ਅਕਸਰ ਨਸ਼ੇ ਦੀ ਹਾਲਾਤ ਵਿੱਚ ਨੌਜਵਾਨ ਝੂਲਦੇ ਨਜ਼ਰ ਆਉਂਦੇ ਹਨ ਅਤੇ ਉਹਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਆਉਂਦੀਆਂ ਰਹਿੰਦੀਆਂ ਹਨ, ਜਿਸ ਨਾਲ ਨੌਜਵਾਨ ਪੀੜ੍ਹੀ ‘ਤੇ ਗਲਤ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਨੇ ਚਿੰਤਾ ਜਤਾਈ ਕਿ ਅਜਿਹੇ ਦ੍ਰਿਸ਼ ਦੇਖ ਕੇ ਛੋਟੇ ਬੱਚੇ ਵੀ ਗਲਤ ਰਾਹਾਂ ‘ਤੇ ਜਾਣ ਲਈ ਤਿਆਰ ਹੋ ਰਹੇ ਹਨ। ਅਮਨ ਵਾਲਮੀਕੀ ਨੇ ਪੰਜਾਬ ਸਰਕਾਰ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪੰਜਾਬ ਨਸ਼ਾ ਮੁਕਤ ਹੋ ਚੁੱਕਾ ਹੈ, ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਅਖੀਰ ‘ਚ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ।

 

LEAVE A REPLY

Please enter your comment!
Please enter your name here