
ਪਵਨ ਸਵਰੂਪ ਲਾਪਤਾ ਹੋਣ ਮਾਮਲੇ ਵਿਚ ਐਸਆਈਟੀ ਨੇ ਦੂਜੀ ਵੱਡੀ ਕਾਰਵਾਈ ਕੀਤੀ ਐ। ਐਸਆਈਟੀ ਨੇ ਐਸਜੀਪੀਸੀ ਦੇ ਸਾਬਕਾ ਅਧਿਕਾਰੀ ਕਮਲਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਪਿੰਡ ਤੋਂ ਹਿਰਾਸਤ ਵਿਚ ਲਿਆ ਗਿਆ ਐ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਲੇਖਾ ਅਧਿਕਾਰੀ ਸਤਿੰਦਰ ਸਿੰਘ ਕੋਹਲੀ ਨੂੰ ਚੰਡੀਗੜ੍ਹ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਅਨੁਸਾਰ, ਕਮਲਜੀਤ ਸਿੰਘ ਦਾ ਨਾਮ ਐਫਆਈਆਰ ਵਿੱਚ 11ਵੇਂ ਸਥਾਨ ‘ਤੇ ਆਉਂਦਾ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਖੁਲਾਸੇ ਮੁਤਾਬਕ ਕਮਲਜੀਤ ਸਿੰਘ ਨੇ 212 ਪਾਵਨ ਸਰੂਪ ਭੇਜਣ ਤੋਂ ਬਾਅਦ ਉਨ੍ਹਾਂ ਦਾ ਰਿਕਾਰਡ ਰਜਿਸਟਰ ਵਿਚ ਦਰਜ ਨਹੀਂ ਕੀਤਾ। ਇਸ ਤੋਂ ਇਲਾਵਾ, ਉਸਨੇ 55 ਹੋਰ ਸਰੂਪ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਨਹੀਂ ਭੇਜਿਆ, ਜਿਸ ਦੇ ਨਤੀਜੇ ਵਜੋਂ ਕੁੱਲ 267 ਪਾਵਨ ਸਰੂਪਾਂ ਦੀ ਭੇਟਾਂ ਦਾ ਕਥਿਤ ਗਬਨ ਹੋਣ ਦੇ ਦੋਸ਼ ਹਨ। ਇਸ ਮਾਮਲੇ ਵਿੱਚ ਉਸਨੂੰ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਹੈ। ਅਦਾਲਤ ਤੋਂ ਪ੍ਰਾਪਤ ਸਰਚ ਵਾਰੰਟ ਦੇ ਆਧਾਰ ‘ਤੇ, ਪੁਲਿਸ ਨੇ ਸ਼ਨੀਵਾਰ ਨੂੰ ਜਾਂਚ ਤੇਜ਼ ਕਰ ਦਿੱਤੀ ਅਤੇ 15 ਥਾਵਾਂ ‘ਤੇ ਇੱਕੋ ਸਮੇਂ ਤਲਾਸ਼ੀ ਸ਼ੁਰੂ ਕੀਤੀ। ਪੁਲਿਸ ਅਨੁਸਾਰ, ਇਨ੍ਹਾਂ ਥਾਵਾਂ ‘ਤੇ ਅੰਮ੍ਰਿਤਸਰ ਸ਼ਹਿਰ ਦੇ ਅੱਠ, ਚੰਡੀਗੜ੍ਹ ਦੇ ਦੋ ਅਤੇ ਗੁਰਦਾਸਪੁਰ, ਰੋਪੜ, ਤਰਨਤਾਰਨ ਅਤੇ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਇੱਕ-ਇੱਕ ਸਥਾਨ ਸ਼ਾਮਲ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਸੰਭਵ ਹਨ।


