ਕੈਨੇਡਾ ’ਚ ਗਰਭਵਤੀ ਮਹਿਲਾ ਲਈ ਮਸੀਹਾ ਬਣਿਆ ਸਿੱਖ ਡਰਾਈਵਰ/ ਅਤੀ ਔਖੇ ਹਾਲਾਤਾਂ ’ਚ ਪਹੁੰਚਾਇਆ ਹਸਪਤਾਲ

0
11

ਕੈਨੇਡਾ ਵਿਚ ਇਕ ਸਿੱਖ ਟੈਕਸੀ ਡਰਾਈਵਰ ਨੇ ਅਤੀ ਔਖੇ ਹਾਲਾਤਾਂ ਵਿਚ ਇਕ ਗਰਭਵਤੀ ਔਰਤ ਦਾ ਸਾਥ ਦੇ ਕੇ ਮਨੁੱਖਤਾ ਤੇ ਹਿੰਮਤ ਦੀ ਮਿਸਾਲ ਕਾਇਮ ਕੀਤੀ ਐ। ਖਬਰਾਂ ਮੁਤਾਬਤ ਹਰਦੀਪ ਸਿੰਘ ਤੂਰ ਨਾਮ ਦਾ ਪੰਜਾਬੀ ਨੌਜਵਾਨ ਕੈਨੇਡਾ ਵਿਚ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਐ। ਚੈਕਰ ਕੈਬਜ਼ ਨਾਲ ਜੁੜੇ ਇਸ ਨੌਜਵਾਨ ਨੂੰ ਪਿਛਲੇ ਸਨਿਚਰਵਾਰ ਦੇਰ ਰਾਤ ਨੂੰ ਇਕ ਐਮਰਜੈਂਸੀ ਫ਼ੋਨ ਕਾਲ ਆਈ। ਫ਼ੋਨ ਕਰਨ ਵਾਲੇ ਨੇ ਦਸਿਆ ਕਿ ਉਨ੍ਹਾਂ ਨੇ ਹਸਪਤਾਲ ਜਾਣਾ ਹੈ। ਬਾਅਦ ’ਚ ਉਸ ਨੂੰ ਪਤਾ ਲਗਿਆ ਕਿ ਔਰਤ ਗਰਭਵਤੀ ਸੀ ਅਤੇ ਉਹ ਛੇਤੀ ਹੀ ਬੱਚੇ ਨੂੰ ਜਨਮ ਦੇਣ ਵਾਲੀ ਸੀ।
ਹਰਦੀਪ ਸਿੰਘ ਤੂਰ ਦੇ ਹਵਾਲੇ ਨਾਲ ਮੀਡੀਆ ਵਿਚ ਚੱਲ ਰਹੀਆਂ ਖਬਰਾਂ ਮੁਤਾਬਕ ਇਕ ਗਰਭਵਤੀ ਮਹਿਲਾ ਕਾਫੀ ਤਕਲੀਫ ਵਿਚ ਸੀ, ਜਿਸ ਨੂੰ ਵੇਖਦਿਆਂ ਉਸ ਨੇ ਸਥਿਤੀ ਦੀ ਗੰਭੀਰਤਾ ਨੂੰ ਤੁਰਤ ਭਾਂਪ ਲਿਆ। ਉਸ ਨੇ ਪਹਿਲਾਂ  ਐਂਬੂਲੈਂਸ ਸੱਦਣ ਬਾਰੇ ਸੋਚਿਆ ਪਰ ਮੌਸਮ ਬਹੁਤ ਜ਼ਿਆਦਾ ਖਰਾਬ ਹੋਣ ਕਾਰਨ ਇਹ ਸੰਭਵ ਨਹੀਂ ਸੀ, ਜਿਸ ਦੇ ਚਲਦਿਆਂ ਉਸ ਨੇ ਖੁਦ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ।’’ ਘਟਨਾ ਸਥਾਨ ਤੋਂ ਹਸਪਤਾਲ ਦੀ ਦੂਰੀ 30 ਮਿੰਟਾਂ ਦੀ ਸੀ ਜੋ ਮੌਸਮ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ. ਤਾਪਮਾਨ ਸਿਫ਼ਰ ਤੋਂ ਕਰੀਬ 23 ਡਿਗਰੀ ਹੇਠਾਂ ਸੀ ਅਤੇ ਤੂਫ਼ਾਨੀ ਮੌਸਮ ਅਤੇ ਫਿਸਲਣ ਭਰੀਆਂ ਸੜਕਾਂ ਕਾਰਨ ਹਸਪਤਾਲ ਤਕ ਪਹੁੰਚਣਾ ਵੱਡੀ ਚੁਨੌਤੀ ਸੀ ਪਰ ਹਰਦੀਪ ਸਿੰਘ ਨੇ ਹੌਂਸਲਾ ਨਹੀਂ ਹਾਰਿਆ ਅਤੇ ਸਾਰੀਆਂ ਔਕੜਾਂ ਨੂੰ ਪਾਰ ਕਰਦਿਆਂ ਕਰਦਿਆਂ ਅੱਗੇ ਵਧਣਾ ਜਾਰੀ ਰੱਖਿਆ।
ਹਾਲਾਂਕਿ ਔਰਤ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਟੈਕਸੀ ਦੀ ਪਿਛਲੀ ਸੀਟ ਉਤੇ ਬੱਚੇ ਨੂੰ ਜਨਮ ਦੇ ਦਿਤਾ ਸੀ। ਤੂਰ ਨੇ ਕਿਹਾ, ‘‘ਮੈਂ ਰੁਕਿਆ ਨਹੀਂ… ਅਤੇ ਮੈਂ ਬਸ ਸੋਚ ਰਿਹਾ ਸੀ ਕਿ ਉਨ੍ਹਾਂ ਨੂੰ ਜਿੰਨੀ ਛੇਤੀ ਹੋ ਸਕੇ ਹਸਪਤਾਲ ਪਹੁੰਚਾਇਆ ਜਾਣਾ ਚਾਹੀਦਾ ਹੈ ਤਾਕਿ ਉਨ੍ਹਾਂ ਨੂੰ ਇਲਾਜ ’ਚ ਮਦਦ ਮਿਲ ਸਕੇ।’’
ਜਿਉਂ ਹੀ ਉਹ ਹਸਪਤਾਲ ਪਹੁੰਚੇ, ਹਸਪਤਾਲ ਦੇ ਮੁਲਾਜ਼ਮ ਤੁਰਤ ਬਾਹਰ ਆਏ ਅਤੇ ਜੋੜੇ ਤੇ ਨਵਜੰਮੇ ਬੱਚੇ ਦੀ ਮਦਦ ਕੀਤੀ। ਤੂਰ ਨੇ ਕਿਹਾ ਕਿ ਹਸਪਤਾਲ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦਸਿਆ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਚਾਰ ਸਾਲ ਤੋਂ ਟੈਕਸੀ ਚਲਾ ਰਹੇ ਤੂਰ ਨੇ ਕਿਹਾ, ‘‘ਇਹ ਮੇਰਾ ਪਹਿਲਾ ਤਜਰਬਾ ਹੈ ਕਿ ਮੈਂ ਦੋ ਲੋਕਾਂ ਨੂੰ ਅਪਣੀ ਟੈਕਸੀ ’ਚ ਬਿਠਾਇਆ ਅਤੇ ਤਿੰਨ ਲੋਕਾਂ ਨੂੰ ਬਾਹਰ ਉਤਾਰਿਆ।’’ ਉਨ੍ਹਾਂ ਨੇ ਇਸ ਨੂੰ ਇਕ ਮਾਣ ਦਾ ਪਲ ਦਸਿਆ। ਸਿੱਖ ਡਰਾਈਵਰ ਹਰਦੀਪ ਸਿੰਘ ਤੂਰ ਦੇ ਇਸ ਕਾਰਨਾਮੇ ਦੀਆਂ ਦੁਨੀਆ ਭਰ ਦੇ ਮੀਡੀਆ ਵਿਚ ਚਰਚਾ ਹੋ ਰਹੀ ਐ।

LEAVE A REPLY

Please enter your comment!
Please enter your name here