328 ਸਰੂਪ ਮਾਮਲੇ ’ਚ ਗ੍ਰਿਫਤਾਰੀ ਬਾਰੇ ਸਰਕਾਰ ਦਾ ਪੱਖ/ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੀਤੀ ਪ੍ਰੈੱਸ ਕਾਨਫਰੰਸ/ ਐਸਜੀਪੀਸੀ ਪ੍ਰਧਾਨ ਧਾਮੀ ਦੇ ਸਵਾਲਾਂ ਦਾ ਦਿੱਤਾ ਜਵਾਬ

0
11

328 ਲਾਪਤਾ ਸਰੂਪ ਮਾਮਲੇ ਵਿਚ ਹੋਈ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਐ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪੁਲਿਸ ਨੇ ਇਹ ਕਾਰਵਾਈ ਅਦਾਲਤੀ ਹੁਕਮਾਂ ਤਹਿਤ ਕੀਤੀ ਐ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਇਸ ਨੂੰ ਸਿੱਖਾਂ ਦੇ ਧਾਰਮਿਕ ਕੰਮਾਂ ਵਿਚ ਦਖਲ ਦਾ ਮਾਮਲਾ ਦੱਸ ਰਹੇ ਨੇ ਜਦਕਿ ਵੱਡੀ ਗਿਣਤੀ ਵਿਚ ਸਿੱਖ ਇਸ ਕਾਰਵਾਈ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਐਸਐਸ ਕੋਹਲੀ ਬਾਦਲ ਪਰਿਵਾਰ ਦਾ ਖਾਸ ਬੰਦਾ ਐ, ਜਿਸ ਨੂੰ ਬਚਾਉਣ ਲਈ ਐਸਜੀਪੀਸੀ ਪ੍ਰਧਾਨ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ–ਪੰਜ ਸਾਲਾਂ ਤੋਂ ਸਿੱਖ ਸੰਗਤਾਂ 328 ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਇਨਸਾਫ ਦੀ ਉਡੀਕ ਕਰ ਰਹੀਆਂ ਸਨ। ਹਾਈਕੋਰਟ ਦੀਆਂ ਸਪੱਸ਼ਟ ਹਦਾਇਤਾਂ ’ਤੇ ਇਸ ਮਾਮਲੇ ਵਿੱਚ ਪਰਚਾ ਦਰਜ ਹੋਇਆ, ਸਿੱਟ ਗਠਨ ਕੀਤੀ ਗਈ, ਜਿਸ ਤੋਂ ਬਾਅਦ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਹੋਈ ਐ। ਉਨ੍ਹਾਂ ਕਿਹਾ ਕਿ ਐਸਐਸ ਕੋਹਲੀ ਇੱਕ ਚਾਰਟਡ ਅਕਾਊਂਟੈਂਟ ਐ ਜੋ ਐਸਜੀਪੀਸੀ ਨਾਲ ਵੀ ਜੁੜਿਆ ਰਿਹਾ ਐ, ਜਿਸ ਕਾਰਨ ਉਸ ਦਾ ਨਾਮ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਵੀ ਆਇਆ ਸੀ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਸਿੱਖ ਸੰਗਤਾਂ ਵੱਲੋਂ ਧਰਨੇ, ਮੁਜ਼ਾਹਰੇ ਕਰ ਕੇ 328 ਲਾਪਤਾ ਸਰੂਪ ਮਾਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਮੰਗੀ ਜਾਂਦੀ ਰਹੀ ਐ, ਜਿਸ ਤੋਂ ਬਾਅਦ ਮਾਮਲਾ ਅਦਾਲਤ ਵਿਚ ਪਹੁੰਚਿਆ, ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤਹਿਤ ਕਾਰਵਾਈ ਹੋਈ ਐ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਪਰ ਸ਼੍ਰੋਮਣੀ ਕਮੇਟੀ ਨੇ ਬਾਦਲ ਪਰਿਵਾਰ ਦੇ ਚੈਨਲ ਨੂੰ ਲਾਭ ਦੇਣ ਖਾਤਰ ਕੇਵਲ ਚੈਨਲ ਦਾ ਲੋਗੋਂ ਬਦਲ ਕੇ ਹੀ ਕੰਮ ਸਾਰ ਲਿਆ ਐ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਖੁਦ ਹੀ ਇਸ ਮਾਮਲੇ ਵਿਚ ਕਾਰਵਾਈ ਮੰਗੀ ਅਤੇ ਜਦੋਂ ਮਾਮਲੇ ਵਿਚ ਐਸਐਸ ਕੋਹਲੀ ਦਾ ਨਾਮ ਆ ਗਿਆ ਤਾਂ ਮਤਾ ਪਾ ਕੇ ਕਾਰਵਾਈ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਐਸਜੀਸੀਪੀ ਪ੍ਰਧਾਨ ਇਕ ਖਾਸ ਧਿਰ ਨੂੰ ਬਚਾਉਣ ਖਾਤਰ ਇਸ ਗ੍ਰਿਫਤਾਰੀ ਨੂੰ ਸਿੱਖਾਂ ਦੇ ਮਾਮਲਿਆਂ ਵਿਚ ਦਖਲ ਕਰਾਰ ਦੇ ਰਹੇ ਨੇ।

LEAVE A REPLY

Please enter your comment!
Please enter your name here