ਪੰਜਾਬ ਵਿਧਾਨ ਸਭਾ ਅੰਦਰ ਮਗਨਰੇਗਾ ਸਕੀਮ ’ਚ ਬਦਲਾਅ ਖਿਲਾਫ਼ ਮਤਾ ਪ੍ਰਵਾਨ/ਤਿੰਨ ਅਹਿਮ ਬਿੱਲ ਪਾਸ/ਸਦਨ ਅਣਮਿੱਥੇ ਸਮੇਂ ਲਈ ਮੁਲਤਵੀ

0
12

ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਇਕ ਦਿਨਾਂ ਇਜਲਾਸ ਮਗਨਰੇਗਾ ਸਕੀਮ ਵਿਚ ਲਿਆਂਦੇ ਗਏ ਬਦਲਾਅ ਖਿਲਾਫ ਮਤਾ ਪ੍ਰਵਾਨ ਕਰਨ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਐ। ਸਦਨ ਵਿਚ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੀ ਤਰਫੋਂ ਨਵੇਂ ਕਾਨੂੰਨ ਖ਼ਿਲਾਫ਼ ਹਰ ਪੱਧਰ ’ਤੇ ਲੜਾਈ ਲੜਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ  ਗਰੀਬਾਂ ਦੀ ਰੋਜ਼ੀ ਰੋਟੀ ਨੂੰ ਸੁਰੱਖਿਅਤ ਕਰਨ ਲਈ ਹਰ ਪੱਧਰ ਦੀ ਲੜਾਈ ਲੜਣ ਲਈ ਤਿਆਰ ਐ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲ ਤਿੱਖੇ ਹਮਲੇ ਵੀ ਕੀਤਾ। ਖਾਸ ਕਰ ਕੇ ਕਾਂਗਰਸ ਉਤੇ ਭਾਜਪਾ ਦੇ ਹੱਕ ਵਿਚ ਭੁਗਤਣ ਦੇ ਇਲਜਾਮ ਵੀ ਲਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਪਹਿਲਾਂ ਵੀ ਗਠਜੋੜ ਦੀ ਝਾਕ ਵਿਚ ਭਾਜਪਾ ਦੀ ਝੌਲੀ ਪੈ ਚੁੱਕੀ ਐ ਪਰ ਕਾਂਗਰਸੀਆਂ ਦਾ ਵਿਵਹਾਰ ਵੀ ਮਗਨਰੇਗਾ ਨੂੰ ਬਚਾਉਣ ਦੀ ਥਾਂ ਸਰਕਾਰ ਦੀਆਂ ਲੱਤਾਂ ਖਿੱਚਣ ਵਾਲਾ ਐ। ਉਨ੍ਹਾਂ ਪ੍ਰਤਾਪ ਬਾਜਵਾ ਤੇ ਸੁਖਪਾਲ ਖਹਿਰਾ ਖਿਲਾਫ ਤਿੱਖੇ ਤੰਜ਼ ਵੀ ਕੱਸੇ।
ਇਸੇ ਦੌਰਾਨ ਸਦਨ ਵਿਚ ਪੇਸ਼ ਅਹਿਮ ਤਿੰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਸਦਨ ਵਿਚ ਸਰਕਾਰ ਵੱਲੋਂ ਪੇਸ਼ ਪੰਜਾਬ ਆਬਾਦੀ ਦੇਹ (ਮਾਲਕੀ ਰਿਕਾਰਡ) ਸੋਧ ਬਿੱਲ, ਭਾਰਤੀ ਸਟੈਂਪ (ਪੰਜਾਬ ਦੂਜੀ ਸੋਧ) ਬਿੱਲ ਅਤੇ ਪੰਜਾਬ ਲੈਂਡ ਰੈਵੇਨਿਊ (ਸੋਧ) ਬਿੱਲ-2025 ਨੂੰ ਪਾਸ ਕਰ ਦਿੱਤਾ ਗਿਆ। ਬਿੱਲ ਪਾਸ ਹੋਣ ਮਗਰੋਂ ਸਦਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਸਾਹਿਬ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਗੱਲ ਕੀਤੀ। ਉਨ੍ਹਾਂ ਸਾਹਿਬਜ਼ਾਦਿਆਂ ਦੇ ਸਿਦਕ ਨੂੰ ਸਿਜਦਾ ਕੀਤਾ।ਆਪ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਵੱਲੋਂ ਸਦਨ ’ਚ ਚਾਰ ਸਾਹਿਬਜ਼ਾਦਿਆਂ ਨੂੰ ਅਕੀਦਤ ਭੇਟ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਣ ਸ਼ੁਰੂ ਹੋਣ ਮੌਕੇ ਸਦਨ ’ਚ ਹੰਗਾਮਾ ਵੀ ਹੋਇਆ। ਸੁਖਪਾਲ ਖਹਿਰਾ ਨੇ ਸਮਾਂ ਨਾ ਦਿੱਤੇ ਜਾਣ ’ਤੇ ਵਿਰੋਧ ਕੀਤਾ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ’ਚ ਕਰੀਬ 20 ਮਿੰਟ ਵਿਘਨ ਪਿਆ ਰਿਹਾ । ਸਪੀਕਰ ਦੇ ਹੁਕਮਾਂ ਤੇ ਖਹਿਰਾ ਨੂੰ ਸਦਨ ਵਿਚੋਂ ਬਾਹਰ ਕੱਢ ਦਿੱਤਾ ਗਿਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕ ਖੋਹਣ ਦੇ ਰਾਹ ਪਈ ਹੈ ਅਤੇ ਤਾਕਤਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮਗਨਰੇਗਾ ’ਚ ਕੀਤੇ ਬਦਲਾਅ ਦੀ ਗੱਲ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੈ ਕਿ ਕਿਸੇ ਸਕੀਮ ਦਾ ਨਾਮ ਧਰਮ ਦੇ ਨਾਮ ਤੇ ਰੱਖਿਆ ਗਿਆ ਹੋਵੇ । ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਰਕਾਰੀ ਮਤੇ ’ਤੇ ਬੋਲਦਿਆਂ ਕਿਹਾ ਕਿ ਸਦਨ ’ਚ ਇਕੱਲੇ ਮਤੇ ਪਾਸ ਕਰਨ ਨਾਲ ਗੱਲ ਨਹੀਂ ਬਣੇਗੀ , ਦਿੱਲੀ ’ਚ ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਘਰ ਅੱਗੇ ਧਰਨਾ ਦੇਣਾ ਪਵੇਗਾ।
ਇਸ ਤੋਂ ਪਹਿਲਾਂ ਮਗਨਰੇਗਾ ਦੀ ਥਾਂ ਲਿਆਂਦੇ ਜੀ ਰਾਮ ਜੀ ਕਾਨੂੰਨ ਖ਼ਿਲਾਫ਼ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਗਨਰੇਗਾ ਕਾਮਿਆਂ ਦੀਆਂ ਦਰਖਾਸਤਾਂ ਲੈ ਕੇ ਪਹੁੰਚੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਿਧਾਇਕਾਂ ਨੇ ਕਿਹਾ ਕਿ ਜੀ ਰਾਮ ਜੀ ਕਾਨੂੰਨ ਲਿਆ ਕੇ ਮਜ਼ਦੂਰਾਂ ਅਤੇ ਪਛੜੇ ਵਰਗ ਦੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਉਨਾਂ ਦਾ ਰੁਜ਼ਗਾਰ ਖੋਹ ਰਹੀ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਦੇਵ ਮਾਨ ਅਤੇ ਕੁਲਜੀਤ ਰੰਧਾਵਾ ਦਰਖਾਸਤਾਂ ਦੀ ਪੰਡ ਸਮੇਤ ਵਿਧਾਨ ਸਭਾ ਦੇ ਬਾਹਰ ਪੁੱਜੇ ਸਨ।
ਜ਼ਿਕਰਯੋਗ ਹੈ ਕਿ ਮਨਰੇਗਾ (MGNREGA) ਵਿੱਚ ਹੋਏ ਬਦਲਾਅ ਦੇ ਪ੍ਰਭਾਵਾਂ ‘ਤੇ ਚਰਚਾ ਕਰਨ ਲਈ ਅੱਜ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਇਸ ਸੈਸ਼ਨ ਦੌਰਾਨ ਸਰਕਾਰ ਸਦਨ ਵਿੱਚ ਇੱਕ ਸਰਕਾਰੀ ਮਤਾ ਪੇਸ਼ ਕਰੇਗੀ, ਜਿਸ ਵਿੱਚ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਉਣ ਦੀ ਸਿਫ਼ਾਰਸ਼ ਕੀਤੀ ਜਾਵੇਗੀ ਕਿ ਮਨਰੇਗਾ ਦੇ ਢਾਂਚੇ ਨੂੰ ਮੰਗ-ਅਧਾਰਤ, ਅਧਿਕਾਰ-ਅਧਾਰਤ ਅਤੇ ਪੂਰੀ ਤਰ੍ਹਾਂ ਕੇਂਦਰ ਦੁਆਰਾ ਸਪਾਂਸਰ ਰੱਖਿਆ ਜਾਵੇ। ਇਸ ਦੇ ਨਾਲ ਹੀ ‘ਵੀਬੀ ਜੀ ਰਾਮ ਜੀ’ (VB G RAM G) ਐਕਟ ਦੀਆਂ ਮੱਦਾਂ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਜਾਣੀ ਹੈ।
ਪੰਜਾਬ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੀ ਮਗਨਰੇਗਾ ਸਕੀਮ ਵਿਚ ਲਿਆਂਦੇ ਬਦਲਾਅ ਖਿਲਾਫ ਮਤਾ ਪ੍ਰਵਾਨ ਕੀਤਾ। ਇਸ ਮੌਕੇ ਭਾਜਪਾ ਦੇ ਦੋਵੇਂ ਵਿਧਾਇਕ ਗੈਰਹਾਜ਼ਰ ਰਹੇ। ਮੁੱਖ ਮੰਤਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਇਸ ਨਵੇਂ ਕਾਨੂੰਨ ਖ਼ਿਲਾਫ਼ ਹਰ ਪੱਧਰ ’ਤੇ ਲਡ਼ਾੲੀ ਕਰੇਗੀ ਤਾਂ ਕਿ ਗਰੀਬਾਂ ਦੀ ਰੋਜ਼ੀ ਰੋਟੀ ਨੂੰ ਸੁਰੱਖਿਅਤ ਕੀਤਾ ਜਾ ਸਕੇ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਵਿੱਚੋਂ ਬਾਹਰ ਕੱਢੇ ਜਾਣ ਬਾਰੇ ਕਿਹਾ ਕਿ ਉਹ ਵਿਧਾਨ ਸਭਾ ਵਿੱਚ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਗੱਲਬਾਤ ਰੱਖਣਾ ਚਾਹੁੰਦੇ ਸਨ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਦਨ ’ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਪੰਜਾਬ ’ਚ ਪਿਛਲੀਆਂ ਸਰਕਾਰਾਂ ਸਮੇ ਮਗਨਰੇਗਾ ਸਕੀਮ ’ਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਕਰਾਈ ਜਾਵੇ। ਅਰੋੜਾ ਨੇ ਕਿਹਾ ਕਿ ਗਿੱਦੜਬਾਹਾ, ਮੁਕਤਸਰ ਤੇ ਅਬੋਹਰ ਦੇ ਇਲਾਕੇ ’ਚ ਵੱਡੇ ਘਪਲੇ ਹੋਏ ਹਨ ਜਿੰਨਾ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁਜਰਾਤ, ਮੱਧ ਪ੍ਰਦੇਸ਼ ਤੇ ਬਿਹਾਰ ’ਚ ਹੋਏ ਘਪਲਿਆਂ ਦਾ ਜ਼ਿਕਰ ਕੀਤਾ ।
ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਦਨ ’ਚ ਸਰਕਾਰੀ ਮਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਮਗਨਰੇਗਾ ਸਕੀਮ ’ਚ ਕੀਤੇ ਬਦਲਾਅ ਨੂੰ ਮਜ਼ਦੂਰ ਪੱਖੀ ਦੱਸਿਆ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਹਾਲੇ ਤੱਕ ਇਸ 7000 ਪਿੰਡਾਂ ਚ ਸੋਸ਼ਲ ਆਡਿਟ ਨਹੀਂ ਕਰਾਇਆ। ਇਸ ਮੌਕੇ ਮੰਤਰੀ ਤਰੁਣਪ੍ਰਰੀਤ ਸਿੰਘ ਸੌਂਦ ਨੇ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਕੀਮ ਦੇ ਪੈਸੇ ਰੋਕ ਰੱਖੇ ਹਨ । ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸਦਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕੀਤੀ ਟਿੱਪਣੀ ’ਤੇ ਇਤਰਾਜ਼ ਜਤਾਇਆ । ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀ ਟਿੱਪਣੀ ਅਪਮਾਨਜਨਕ ਹੈ । ਚੇਤੇ ਰਹੇ ਕਿ ਗਿਆਸਪੁਰਾ ਨੇ “ਮੋਦੀ ਦੀ ਧੋਣ ’ਤੇ ਗੋਡਾ ਰੱਖਾਂਗੇ” ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ ।

LEAVE A REPLY

Please enter your comment!
Please enter your name here