ਪੰਜਾਬ ਨੰਗਲ ਉਪ ਮੰਡਲ ’ਚ ਸ਼ਿਕਾਰੀਆਂ ਦੇ ਹੌਂਸਲੇ ਬੁਲੰਦ/ ਨਿਰਦਈ ਢੰਗ ਨਾਲ ਕਰ ਰਹੇ ਬੇਜ਼ੁਬਾਨਾਂ ਦਾ ਸ਼ਿਕਾਰ/ ਆਟੇ ’ਚ ਛੁਪਾ ਕੇ ਰੱਖੇ ਗੋਲੇ ਨਾਲ ਸਾਂਬਰ ਦੀ ਮੌਤ By admin - December 27, 2025 0 9 Facebook Twitter Pinterest WhatsApp ਨੰਗਲ ਸਬ-ਡਵੀਜ਼ਨ ਵਿੱਚ ਸ਼ਿਕਾਰੀਆਂ ਦੇ ਹੌਂਸਲੇ ਲਗਾਤਾਰ ਵੱਧ ਰਹੇ ਨੇ। ਇੱਥੇ ਸਰਗਰਮ ਸ਼ਿਕਾਰੀ ਵੱਖ ਵੱਖ ਢੰਗ ਤਰੀਕੇ ਵਰਤ ਕੇ ਬੇਜ਼ੁਬਾਨਾਂ ਦੀ ਜਾਨ ਲੈ ਰਹੇ ਨੇ। ਇਸ ਦੀ ਤਾਜ਼ਾ ਉਦਾਹਰਨ ਨਯਾ ਨੰਗਲ ਇਲਾਕੇ ਤੋਂ ਸਾਹਮਣੇ ਆਈ ਐ, ਜਿੱਥੇ ਸ਼ਿਕਾਰੀਆਂ ਵੱਲੋਂ ਆਟੇ ਵਿਚ ਛੁਪਾ ਕੇ ਰੱਖੇ ਗੋਲੇ ਨਾਲ ਇਕ ਮਾਦਾ ਸਾਂਬਰ ਦੀ ਦਰਦਨਾਕ ਮੌਤ ਹੋ ਗਈ। ਘਟਨਾ ਤੋਂ ਬਾਦ ਹਰਕਤ ਵਿਚ ਆਈ ਜੰਗਲੀ-ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਜਸਵੀਰ ਚੌਧਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਏਪੀਐਫਐਲ ਹਸਪਤਾਲ ਦੇ ਪਿੱਛੇ ਇੱਕ ਜੰਗਲੀ ਜਾਨਵਰ ਜ਼ਖਮੀ ਪਏ ਹੋਣ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਤੱਕ ਸਾਡੀ ਟੀਮ ਮੌਕੇ ‘ਤੇ ਪਹੁੰਚੀ, ਮਾਦਾ ਸਾਂਬਰ ਦੀ ਮੌਤ ਹੋ ਚੁੱਕੀ ਸੀ। ਉਸਦਾ ਚਿਹਰਾ ਬੁਰੀ ਤਰ੍ਹਾਂ ਉੱਡ ਚੁੱਕਾ ਸੀ। ਜਸਵੀਰ ਨੇ ਕਿਹਾ ਕਿ ਇਸ ਵੇਲੇ ਦੋ ਵਿਅਕਤੀਆਂ ਨੂੰ ਸ਼ੱਕੀ ਹਾਲਾਤਾਂ ਵਿੱਚ ਜੰਗਲ ਵਿੱਚੋਂ ਫੜਿਆ ਗਿਆ ਹੈ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ, ਤਾਂ ਉਨ੍ਹਾਂ ਨੇ ਵਿਭਾਗ ਵਿੱਚ ਸਟਾਫ ਦੀ ਘਾਟ ਬਾਰੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਦੱਸਣਯੋਗ ਐ ਕਿ ਸਬ-ਡਵੀਜ਼ਨ ਵਿੱਚ ਸ਼ਿਕਾਰੀਆਂ ਅਤੇ ਖੈਰ ਤਸਕਰਾਂ ਦੇ ਹੌਸਲੇ ਵਧ ਗਏ ਹਨ ਅਤੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਅਤੇ ਕੀਮਤੀ ਖੈਰ ਦੇ ਦਰੱਖਤਾਂ ਦੀ ਕਟਾਈ ਦੀਆਂ ਖ਼ਬਰਾਂ ਅਕਸਰ ਸੁਰਖੀਆਂ ਵਿੱਚ ਆਉਂਦੀਆਂ ਰਹਿੰਦੀਆਂ ਹਨ। ਜਦੋਂ ਵਿਭਾਗ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ, ਤਾਂ ਉਹ ਸਟਾਫ ਦੀ ਘਾਟ ਦਾ ਹਵਾਲਾ ਦਿੰਦੇ ਹਨ ਅਤੇ ਇਸ ਮੁੱਦੇ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ।