ਅੰਮ੍ਰਿਤਸਰ ’ਚ ਮੀਟ-ਸ਼ਰਾਬ ’ਤੇ ਪਾਬੰਦੀ ਦਾ ਮਾਮਲਾ/ ਦੁਕਾਨਦਾਰਾਂ ਨੇ ਫੈਸਲੇ ਖਿਲਾਫ਼ ਕੀਤੀ ਰੋਸ ਮੀਟਿੰਗ/ ਗੋਲਬਾਗ ਇਲਾਕੇ ਨੂੰ ਪਾਬੰਦੀ ਤੋਂ ਛੋਟ ਦੀ ਮੰਗ

0
8

ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਣ ਤੋਂ ਬਾਅਦ ਸ਼ਹਿਰ ਦੇ ਵੱਡੀ ਗਿਣਤੀ ਦੁਕਾਨਦਾਰਾਂ ਅੰਦਰ ਰੋਸ ਪਾਇਆ ਜਾ ਰਿਹਾ ਐ। ਇਸੇ ਨੂੰ ਲੈ ਕੇ ਗੋਲਬਾਗ ਵਿਖੇ ਮੀਟ ਦੁਕਾਨਦਾਰਾਂ ਨੇ ਰੋਸ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਰਕਾਰ ਤੋਂ ਪ੍ਰਭਾਵਿਤ ਹੋਣ ਵਾਲੇ ਦੁਕਾਨਦਾਰਾਂ ਦੀ ਰੋਜ਼ੀ ਰੋਟੀ ਦਾ ਹੱਲ ਕਰਨ ਦੀ ਮੰਗ ਕੀਤੀ ਐ। ਦੁਕਾਨਦਾਰਾਂ ਦਾ ਕਹਿਣਾ ਐ ਕਿ ਸ਼ਹਿਰ ਦੇ 12 ਗੇਟਾਂ ਦੇ ਅੰਦਰ ਮੀਟ, ਸ਼ਰਾਬ, ਸਿਗਰਟ–ਬੀੜੀ ਅਤੇ ਪਾਨ ਦੀਆਂ ਦੁਕਾਨਾਂ ਕਰਦੇ ਲੋਕਾਂ ਤੇ ਉਜਾੜੇ ਦੀ ਤਲਵਾਰ ਲਟਕ ਗਈ ਐ। ਉਨ੍ਹਾਂ ਸਰਕਾਰ ਤੋਂ ਇਹ ਪਾਬੰਦੀ ਧਾਰਮਿਕ ਸਥਾਨਾਂ ਦੇ ਨੇੜਲੇ ਇਲਾਕਿਆਂ ਤਕ ਸੀਮਤ ਕਰਨ ਦੀ ਮੰਗ ਕੀਤੀ ਐ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੀਟ ਦੁਕਾਨਦਾਰ ਸ਼ਰਨਜੀਤ ਸਿੰਘ ਗੋਗੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਕਾਨੂੰਨ, ਉਹਨਾਂ ਨੂੰ ਮਨਜ਼ੂਰ ਹੈ ਅਤੇ ਉਹ ਕਾਨੂੰਨ ਦਾ ਵਿਰੋਧ ਨਹੀਂ ਕਰਦੇ, ਪਰ ਇਸ ਕਾਨੂੰਨ ਕਾਰਨ ਹਜ਼ਾਰਾਂ ਛੋਟੇ ਦੁਕਾਨਦਾਰਾਂ ਦੀ ਰੋਜ਼ੀ–ਰੋਟੀ ਖ਼ਤਰੇ ਵਿੱਚ ਪੈ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦੁਕਾਨਦਾਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਇਨ੍ਹਾਂ ਦੁਕਾਨਾਂ ਨਾਲ ਹੀ ਚੱਲਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਾਬੰਦੀ ਦੇ ਦਾਇਰੇ ਨੂੰ 100 ਗਜ ਦੀ ਬਜਾਏ 200 ਜਾਂ 250 ਗਜ ਤੱਕ ਸੀਮਿਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਦੁਕਾਨਦਾਰਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਰੋਡ ਜਾਮ ਜਾਂ ਹਿੰਸਕ ਪ੍ਰਦਰਸ਼ਨ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਕਮੇਟੀ ਬਣਾਕੇ ਡੀਸੀ ਅਤੇ ਮੇਅਰ ਨਾਲ ਮਿਲ ਕੇ ਆਪਣੀ ਬੇਨਤੀ ਰੱਖੀ ਜਾਵੇਗੀ। ਇਸ ਮੌਕੇ ਸਮਾਜ ਸੇਵੀ ਵਰੁਣ ਸਰੀਨ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਆਸ–ਪਾਸ ਪਾਬੰਦੀ ਲਗਾਉਣਾ ਠੀਕ ਹੈ, ਪਰ ਪੂਰੇ 12 ਗੇਟਾਂ ਦੇ ਅੰਦਰ ਸਾਰੀਆਂ ਦੁਕਾਨਾਂ ਬੰਦ ਕਰਵਾਉਣਾ ਠੀਕ ਨਹੀਂ। ਉਨ੍ਹਾਂ ਅਨੁਸਾਰ, ਇਸ ਨਾਲ ਹਜ਼ਾਰਾਂ ਪਰਿਵਾਰ ਬੇਰੋਜ਼ਗਾਰ ਹੋ ਸਕਦੇ ਹਨ। ਸਰਕਾਰ ਨੂੰ ਆਰਡਰ ‘ਚ ਸੋਧ ਕਰਕੇ ਧਾਰਮਿਕ ਭਾਵਨਾਵਾਂ ਦੇ ਨਾਲ–ਨਾਲ ਲੋਕਾਂ ਦੀ ਆਰਥਿਕ ਹਾਲਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

LEAVE A REPLY

Please enter your comment!
Please enter your name here