ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਕਿਸਾਨਾਂ ਦਾ ਪ੍ਰਦਰਸ਼ਨ/ ਮਨਰੇਗਾ ਬਜਟ ਕਟੌਤੀ ਦੇ ਫੈਸਲੇ ਦਾ ਕੀਤਾ ਵਿਰੋਧ

0
9

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿਚ ਵੱਡੀ ਗਿਣਤੀ ਕਿਸਾਨਾਂ ਤੇ ਮਜਦੂਰਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਕਮਜੋਰ ਕਰਨ ਅਤੇ ਬਜਟ ਵਿਚ ਕਟੌਤੀ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਨੂੰ ਕਮਜੋਰ ਕਰ ਕੇ ਕਾਰਪੋਰੇਟਾਂ ਨੂੰ ਲਾਹਾ ਦੇਣ ਦੇ ਫਿਰਾਖ ਵਿਚ ਐ, ਜਿਸ ਦਾ ਕਿਸਾਨ ਜਥੇਬੰਦੀਆਂ ਕਰੜਾ ਵਿਰੋਧ ਕਰਨਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਮਨਰੇਗਾ ਬਜਟ ਵਿੱਚ 40% ਕਟੌਤੀ ਕਰਕੇ, ਕੇਂਦਰ ਸਰਕਾਰ ਨੇ ਨਾ ਸਿਰਫ਼ ਯੋਜਨਾ ਨੂੰ ਕਮਜ਼ੋਰ ਕੀਤਾ ਹੈ, ਸਗੋਂ ਇਸਦੀ ਕਾਰਜਪ੍ਰਣਾਲੀ ਵੀ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਰੋੜਾਂ ਲੋਕ ਮਨਰੇਗਾ ‘ਤੇ ਨਿਰਭਰ ਹਨ। ਇਕੱਲੇ ਪੰਜਾਬ ਵਿੱਚ, ਲਗਭਗ 20 ਲੱਖ ਜੌਬ ਕਾਰਡ ਹਨ, ਪਰ ਸਿਰਫ 11 ਲੱਖ ਲੋਕਾਂ ਨੂੰ ਕੰਮ ਮਿਲ ਰਿਹਾ ਹੈ, ਜਿਸ ਨਾਲ ਮਜ਼ਦੂਰ ਰੁਜ਼ਗਾਰ ਤੋਂ ਬਿਨਾਂ ਰਹਿ ਰਹੇ ਹਨ।
ਸਰਵਨ ਸਿੰਘ ਪੰਧੇਰ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀਆਂ ਇਹ ਨੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦਰ ਜਿੰਨੀ ਜ਼ਿਆਦਾ ਹੋਵੇਗੀ, ਕਾਰਪੋਰੇਸ਼ਨਾਂ ਲਈ ਉਜਰਤਾਂ ਓਨੀਆਂ ਹੀ ਸਸਤੀਆਂ ਹੋਣਗੀਆਂ। ਉਨ੍ਹਾਂ ਨੇ ਮਨਰੇਗਾ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਚੁੱਪੀ ‘ਤੇ ਵੀ ਸਵਾਲ ਉਠਾਏ।
ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਮਨਰੇਗਾ ਸਕੀਮ ਗੈਰ-ਹੁਨਰਮੰਦ ਮਜ਼ਦੂਰਾਂ ਲਈ ਰੁਜ਼ਗਾਰ ਦਾ ਸਭ ਤੋਂ ਵੱਡਾ ਸਰੋਤ ਹੈ। ਇਸ ਦੇ ਬੰਦ ਹੋਣ ਨਾਲ ਬੇਰੁਜ਼ਗਾਰੀ ਅਤੇ ਖੁਦਕੁਸ਼ੀਆਂ ਵਿੱਚ ਵਾਧਾ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਵਿੱਚ ਖੇਤੀਬਾੜੀ ਖੇਤਰ ਨੂੰ ਸ਼ਾਮਲ ਕਰਕੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕੀਤੇ ਜਾਣ। ਦੋਵਾਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਆਪਣੇ ਫੈਸਲਿਆਂ ਨੂੰ ਵਾਪਸ ਨਹੀਂ ਲੈਂਦੀ ਹੈ, ਤਾਂ ਕਿਸਾਨ ਅਤੇ ਮਜ਼ਦੂਰ ਪੰਜਾਬ ਅਤੇ ਦੇਸ਼ ਭਰ ਵਿੱਚ ਇੱਕ ਵਿਸ਼ਾਲ ਅੰਦੋਲਨ ਸ਼ੁਰੂ ਕਰਨਗੇ।

LEAVE A REPLY

Please enter your comment!
Please enter your name here