ਨਿਊਜ਼ੀਲੈਂਡ ‘ਚ ਨਗਰ ਕੀਰਤਨ ਦੇ ਵਿਰੋਧ ਦਾ ਮਾਮਲਾ ਗਰਮਾਇਆ/ ਜਥੇਦਾਰ ਗੜਗੱਜ ਵੱਲੋਂ ਸਖਤ ਸ਼ਬਦਾਂ ’ਚ ਨਿੰਦਾ/ ਨਿਊਜ਼ੀਲੈਂਡ ਸਰਕਾਰ ਤੋਂ ਮੰਗੀ ਕਾਰਵਾਈ

0
14

ਨਿਊਜੀਲੈਂਡ ਆਕਲੈਂਡ ਇਲਾਕੇ ਵਿਚ ਕੁੱਝ ਸਥਾਨਕ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਵਿਰੋਧ ਕਰਨ ਦਾ ਮੁੱਦਾ ਗਰਮਾ ਗਿਆ ਐ। ਘਟਨਾ ਮੀਡੀਆ ਵਿਚ ਆਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਐ। ਉਨ੍ਹਾਂ ਕਿਹਾ ਕਿ ਨਿਊਜੀਲੈਂਡ ਵਿਚ ਰਹਿੰਦੇ ਸਿੱਖਾਂ ਨੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਐ ਅਤੇ ਉਹ ਕਾਨੂੰਨੀ ਤਰੀਕੇ ਨਾਲ ਨਿਊਜੀਲੈਂਡ ਦੇ ਬਸ਼ਿੰਦੇ ਬਣੇ ਹਨ। ਉਨ੍ਹਾਂ ਕਿਹਾ ਕਿ ਇਹ ਘਟਨਾ ਅਤੀ ਨਿੰਦਣਯੋਗ ਐ, ਇਸ ਲਈ ਨਿਊਜ਼ੀਲੈਂਡ ਸਰਕਾਰ ਨੂੰ ਸ਼ਰਾਰਤੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਐ।
ਖਬਰਾਂ ਮੁਤਾਬਕ ਇਹ ਘਟਨਾ ਨਿਊਜ਼ੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਨੇੜੇ ਵਾਪਰੀ ਐ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਤੋਂ ਸਜਿਆ ਨਗਰ ਕੀਰਤਨ ਜਦੋਂ ਵਾਪਿਸ ਗੁਰਦੁਆਰਾ ਸਾਹਿਬ ਪਰਤ ਰਿਹਾ ਸੀ ਤਾਂ ਆਖਰੀ ਪੜ੍ਹਾਅ ‘ਤੇ ਜਾ ਕੇ ਇੱਕ ਸਾਈਡ ਵਾਲੇ ਪਾਸੇ ਤੋਂ 30-35 ਸਥਾਨਕ ਵਾਸੀਆਂ ਨੇ ਨਗਰ ਕੀਰਤਨ ਦੇ ਰਸਤੇ ਵਿਚ ਆ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮੌਕੇ ਤੇ ਸਿੱਖ ਕਮਿਊਨਿਟੀ ਦੇ ਕਈ ਆਗੂਆਂ ਤੋਂ ਇਲਾਵਾ ਪੁਲਿਸ ਵੀ ਮੌਕੇ ਤੇ ਮੌਜੂਦ ਸੀ, ਜਿਸ ਨੇ ਸੰਗਤ ਨੂੰ ਟਕਰਾਓ ਵਿਚ ਨਾ ਪੈਣ ਦੀ ਸਲਾਹ ਦਿੱਤੀ।
ਸੰਗਤ ਵਿਚ ਮੌਜੂਦ ਸਿਆਣੇ ਬੰਦਿਆਂ ਨੇ ਪੁਲਿਸ ਦੀ ਮਦਦ ਨਾਲ ਮਾਹੌਲ ਨੂੰ ਕਾਬੂ ਵਿਚ ਕੀਤਾ। ਪ੍ਰਤੱਖਦਰਸ਼ੀਆਂ ਮੁਤਾਬਕ ਜੇਕਰ ਕਿਸੇ ਤਰ੍ਹਾਂ ਦੀ ਕੋਈ ਤਿੱਖੀ ਬਹਿਸ ਹੋ ਜਾਂਦੀ ਤਾਂ ਮਾਹੌਲ ਖਰਾਬ ਹੋ ਸਕਦਾ ਸੀ। ਬਾਅਦ ਵਿਚ ਹੋਰ ਪੁਲਿਸ ਵੀ ਆਈ ਅਤੇ ਉਸ ਗਰੁੱਪ ਦੇ ਸਾਈਡ ਉਤੇ ਹੋਣ ਉਤੇ ਨਗਰ ਕੀਰਤਨ ਸਮਾਪਤੀ ਵੱਲ ਵਧਿਆ। ਖਬਰਾਂ ਮੁਤਾਬਕ ਇਹ ਪ੍ਰਦਰਸ਼ਨ True Patriots of NZ ਨਾਮ ਦੇ ਇੱਕ ਸਮੂਹ ਨੇ ਕੀਤਾ ਸੀ। ਪ੍ਰਦਰਸ਼ਨ ਦੌਰਾਨ ਪਿੱਛੇ ਇੱਕ ਕਾਲਾ ਬੈਨਰ ਦੇਖਿਆ ਗਿਆ, ਜਿਸ ‘ਤੇ ਲਿਖਿਆ ਸੀ ”This is New Zealand not India”। ਇਹ ਸਮੂਹ Destiny Church ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਪ੍ਰਦਰਸਨਕਾਰੀਆਂ ਕੋਲ ਨਿਊਜੀਲੈਂਡ ਦੇ ਝੰਡੇ ਵੀ ਵੇਖੇ ਗਏ। ਉਧਰ ਇਸ ਘਟਨਾ ਤੋਂ ਬਾਅਦ ਵਿਸ਼ਵ ਭਰ ’ਚ ਮੌਜੂਦ  ਸਿੱਖ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਐ।

LEAVE A REPLY

Please enter your comment!
Please enter your name here