ਅੰਮ੍ਰਿਤਸਰ ਪੁਲਿਸ ਦਾ ਨਸ਼ਿਆਂ ਖਿਲਾਫ਼ ਐਕਸ਼ਨ/ 1476 ਕੇਸ ਦਰਜ, 2668 ਨਸ਼ਾ ਤਸਕਰ ਗ੍ਰਿਫਤਾਰ/ ਹੈਰੋਇਨ ਸਮੇਤ ਕਰੋੜਾਂ ਦੀ ਨਸ਼ੀਲੀ ਸਮੱਗਰੀ ਬਰਾਮਦ

0
9

ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਐ। ਪੁਲਿਸ ਨੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਭਾਰੀ ਮਾਤਰਾ ਵਿਚ ਨਸ਼ਿਆਂ ਦੀ ਬਰਾਮਦਗੀ ਤੋਂ ਇਲਾਵਾ ਵੱਡੀ ਗਿਣਤੀ ਨਸ਼ਾ ਤਸਕਰਾਂ ਨੂੰ ਸ਼ਲਾਖਾ ਪਿੱਛੇ ਪਹੁੰਚਾਇਆ ਐ। ਅੰਮ੍ਰਿਤਸਰ ਪੁਲਿਸ ਨੇ 1 ਜਨਵਰੀ 2025 ਤੋਂ ਲੈ ਕੇ 19 ਦਸੰਬਰ 2025 ਤਕ ਦਾ ਲੇਖਾ ਜੋਖਾ ਜਾਰੀ ਕੀਤਾ ਕੀਤਾ ਐ। ਇਸ ਅਰਸੇ ਦੌਰਾਨ ਪੁਲਿਸ ਨੇ ਭਾਰੀ ਮਾਤਰਾਂ ਵਿਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਨ ਦੇ ਨਾਲ ਨਾਲ 2668 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਐ ਅਤੇ 1476 ਕੇਸ ਦਰਜ ਕੀਤੇ ਗਏ ਹਨ ਨੇ ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 1 ਜਨਵਰੀ 2025 ਤੋਂ 19 ਦਸੰਬਰ 2025 ਤੱਕ ਕੁੱਲ 1476 ਐਨਡੀਪੀਐਸ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 2668 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਅੰਕੜੇ ਪਿਛਲੇ ਸਾਲ 2024 ਦੇ ਮੁਕਾਬਲੇ ਕਾਫ਼ੀ ਵਾਧਾ ਦਰਸਾਉਂਦੇ ਹਨ। ਇਸ ਅਰਸੇ ਦੌਰਾਨ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਬਰਾਮਦਗੀ ਵਿੱਚ 276 ਕਿਲੋ 551 ਗ੍ਰਾਮ ਹੈਰੋਇਨ, 37 ਕਿਲੋ 146 ਗ੍ਰਾਮ ਅਫ਼ੀਮ, 6 ਕਿਲੋ 515 ਗ੍ਰਾਮ ਮੈਥਐਂਫੇਟਾਮੀਨ (ਆਈਸ ਡਰੱਗ), 9 ਕਿਲੋ ਗਾਂਜਾ, 16 ਕਿਲੋ 75 ਗ੍ਰਾਮ ਚਰਸ, 112 ਗ੍ਰਾਮ ਕੋਕੇਨ, 325 ਕਿਲੋ 577 ਗ੍ਰਾਮ ਨਸ਼ੀਲਾ ਪਾਊਡਰ ਅਤੇ 25 ਕਿਲੋ ਪੋਪੀ ਹਸਕ ਸ਼ਾਮਲ ਹੈ। ਇਸ ਤੋਂ ਇਲਾਵਾ 1550 ਨਸ਼ੀਲੇ ਇੰਜੈਕਸ਼ਨ ਅਤੇ 2 ਲੱਖ 7 ਹਜ਼ਾਰ 511 ਕੈਪਸੂਲ/ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ।
ਨਸ਼ਾ ਤਸਕਰੀ ਨਾਲ ਜੁੜੀ ਅਪਰਾਧੀ ਕਮਾਈ ’ਤੇ ਵੀ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ 3 ਕਰੋੜ 14 ਲੱਖ 1 ਹਜ਼ਾਰ 95 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਐਨਡੀਪੀਐਸ ਐਕਟ ਹੇਠ 126 ਵਾਹਨ ਵੀ ਜ਼ਬਤ ਕੀਤੇ ਗਏ, ਜਿਨ੍ਹਾਂ ਵਿੱਚ 37 ਚਾਰ ਪਹੀਆ, 3 ਤਿੰਨ ਪਹੀਆ ਅਤੇ 86 ਦੋ ਪਹੀਆ ਵਾਹਨ ਸ਼ਾਮਲ ਹਨ। ਇਲਾਕਾਈ ਦਬਦਬਾ ਬਣਾਉਣ ਅਤੇ ਨਸ਼ਾ ਹਾਟਸਪਾਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਮਿਸ਼ਨਰੇਟ ਪੁਲਿਸ ਵੱਲੋਂ ਹੁਣ ਤੱਕ 64 CASO (ਕੋਰਡਨ ਐਂਡ ਸਰਚ ਆਪਰੇਸ਼ਨ) ਕੀਤੇ ਜਾ ਚੁੱਕੇ ਹਨ। ਅੱਜ ਵੀ ਅੰਮ੍ਰਿਤਸਰ ਦੇ ਤਿੰਨੋ ਜ਼ੋਨਾਂ ਵਿੱਚ CASO ਕਾਰਵਾਈ ਜਾਰੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਸ਼ਾ ਤਸਕਰੀ ਖ਼ਿਲਾਫ਼ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੇਜ਼ ਕੀਤੀ ਜਾਵੇਗੀ ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

LEAVE A REPLY

Please enter your comment!
Please enter your name here