ਉੱਤਰ ਭਾਰਤ ’ਚ ਧੁੰਦ ਤੇ ਸਮੌਗ ਦਾ ਦੌਰ ਜਾਰੀ/ ਕੁੱਝ ਥਾਵਾਂ ’ਤੇ ਜ਼ੀਰੋ ਨੇੜੇ ਪਹੁੰਚੀ ਵਿਜ਼ੀਬਿਲਟੀ/ 21 ਦਸੰਬਰ ਤੱਕ ਅਜਿਹੇ ਹਾਲਾਤ ਰਹਿਣ ਦਾ ਅਲਰਟ

0
8

 

ਉੱਤਰ ਭਾਰਤ ਵਿੱਚ ਇਨ੍ਹੀਂ ਦਿਨੀਂ ਸੰਘਣੀ ਧੁੰਦ ਅਤੇ ਸਮੌਗ ਦਾ ਦੌਰ ਲਗਾਤਾਰ ਜਾਰੀ ਐ, ਜਿਸ ਦੇ ਚਲਦਿਆਂ ਲੋਕਾਂ ਨੂੰ ਭਾਰੀ ਦਿੱਕਤਾਂ ਝੱਲਣੀਆਂ ਪੈ ਰਹੀਆਂ ਨੇ। ਗੱਲ ਜੇਕਰ ਗੁਰੂ ਨਗਰੀ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਬੀਤੇ ਦੋ-ਤਿੰਨ ਦਿਨਾਂ ਤੋਂ ਇੱਥੇ ਵੀ ਅਜਿਹੇ ਹੀ ਹਾਲਾਤ ਵੇਖਣ ਨੂੰ ਮਿਲ ਰਹੇ ਨੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀ ਇੰਜੀਨੀਅਰ ਪਵਨ ਸ਼ਰਮਾ ਨੇ ਕਿਹਾ ਕਿ ਭਾਰਤੀ ਮੌਸਮ ਵਿਭਾਗ ਵੱਲੋਂ 21 ਤਰੀਕ ਤਕ ਅਜਿਹੇ ਹੀ ਹਾਲਾਤ ਬਣੇ ਰਹਿਣ ਦੀ ਸੰਭਵਾਨ ਜਾਹਰ ਕੀਤੀ ਐ। ਉਨ੍ਹਾਂ ਲੋਕਾਂ ਨੂੰ ਧੁੰਦ ਦੇ ਮੌਸਮ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਐ ਤਾਂ ਜੋ ਅਜਿਹੇ ਮੌਸਮ ਦੌਰਾਨ ਹੋਣ ਵਾਲੇ ਨੁਕਸਾਨਾਂ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਠੰਢ ਦੇ ਨਾਲ-ਨਾਲ ਵਧਦੇ ਪ੍ਰਦੂਸ਼ਣ ਕਾਰਨ ਸਮੌਗ ਦੀ ਮੋਟੀ ਪਰਤ ਛਾ ਗਈ ਹੈ, ਜਿਸ ਨਾਲ ਵਿਜ਼ੀਬਿਲਟੀ ਲਗਭਗ ਜ਼ੀਰੋ ਹੋ ਚੁੱਕੀ ਹੈ। ਇਸ ਦਾ ਸਿੱਧਾ ਅਸਰ ਨੈਸ਼ਨਲ ਹਾਈਵੇਜ਼, ਸਟੇਟ ਹਾਈਵੇਜ਼ ਅਤੇ ਸ਼ਹਿਰੀ ਸੜਕਾਂ ‘ਤੇ ਪੈ ਰਿਹਾ ਹੈ, ਜਿੱਥੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਸੰਸਦ ਵਿੱਚ ਇਹ ਮੁੱਦਾ ਉਠਾ ਚੁੱਕੇ ਹਨ ਕਿ ਸਰਦੀਆਂ ਦੌਰਾਨ ਸੜਕੀ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਜਾਂਦੀ ਹੈ। ਭਾਰਤ ਕੋਲ ਲਗਭਗ 6.4 ਮਿਲੀਅਨ ਕਿਲੋਮੀਟਰ ਦਾ ਵਿਸ਼ਾਲ ਰੋਡ ਨੈਟਵਰਕ ਹੈ ਅਤੇ ਅਮਰੀਕਾ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਡਾ ਰੋਡ ਨੈਟਵਰਕ ਰੱਖਣ ਵਾਲਾ ਦੇਸ਼ ਹੈ। ਅਜਿਹੇ ਵਿੱਚ ਜਦੋਂ ਸੰਘਣੀ ਧੁੰਦ ਅਤੇ ਸਮੌਗ ਛਾ ਜਾਂਦਾ ਹੈ, ਤਾਂ ਸੜਕੀ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਅੰਕੜਿਆਂ ਮੁਤਾਬਕ ਦੇਸ਼ ਵਿੱਚ ਹਰ ਰੋਜ਼ ਔਸਤਨ ਸੈਂਕੜੇ ਮੌਤਾਂ ਸੜਕੀ ਹਾਦਸਿਆਂ ਕਾਰਨ ਹੋ ਰਹੀਆਂ ਹਨ।
ਆਈਐਮਡੀ ਅਨੁਸਾਰ ਇਹ ਸਥਿਤੀ ਘੱਟੋ-ਘੱਟ 21 ਦਸੰਬਰ ਤੱਕ ਬਣੀ ਰਹਿ ਸਕਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਵਾਹਨ ਦੀ ਪੂਰੀ ਜਾਂਚ ਕਰ ਲੈਣ। ਲੋ ਬੀਮ ਲਾਈਟ, ਵਾਈਪਰ, ਬ੍ਰੇਕ, ਇੰਡੀਕੇਟਰ ਅਤੇ ਗੱਡੀ ਦੀ ਸਾਫ਼-ਸਫ਼ਾਈ ‘ਤੇ ਖਾਸ ਧਿਆਨ ਦਿੱਤਾ ਜਾਵੇ। ਜੇ ਲੋੜ ਨਾ ਹੋਵੇ ਤਾਂ ਯਾਤਰਾ ਤੋਂ ਬਚਿਆ ਜਾਵੇ ਅਤੇ ਜੇ ਨਿਕਲਣਾ ਜ਼ਰੂਰੀ ਹੋਵੇ ਤਾਂ ਗਤੀ ਕੰਟਰੋਲ ਵਿੱਚ ਰੱਖੀ ਜਾਵੇ ਅਤੇ ਸੁਰੱਖਿਅਤ ਦੂਰੀ ਬਣਾਈ ਰੱਖੀ ਜਾਵੇ।
ਇੰਜੀਨੀਅਰ ਪਵਨ ਸ਼ਰਮਾ ਨੇ ਇਹ ਵੀ ਕਿਹਾ ਕਿ ਸਿਰਫ਼ ਆਮ ਨਾਗਰਿਕਾਂ ਦੀ ਹੀ ਨਹੀਂ, ਸਗੋਂ ਸੰਬੰਧਤ ਵਿਭਾਗਾਂ ਅਤੇ ਸੰਸਥਾਵਾਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਸਟ੍ਰੀਟ ਲਾਈਟਾਂ ਠੀਕ ਤਰ੍ਹਾਂ ਚਾਲੂ ਰਹਿਣ, ਸੜਕਾਂ ‘ਤੇ ਰਿਫਲੈਕਟਰ ਅਤੇ ਸਪਸ਼ਟ ਮਾਰਕਿੰਗ ਹੋਵੇ, ਸਾਈਨ ਬੋਰਡ ਅਤੇ ਰੇਡੀਅਮ ਸਮੱਗਰੀ ਦਾ ਸਹੀ ਇਸਤੇਮਾਲ ਕੀਤਾ ਜਾਵੇ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ, ਪੀਡਬਲਯੂਡੀ ਅਤੇ ਹੋਰ ਇਨਫ੍ਰਾਸਟਰਕਚਰ ਵਿਭਾਗਾਂ ਨੂੰ ਇਸ ਸਮੇਂ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।

LEAVE A REPLY

Please enter your comment!
Please enter your name here