
ਪੰਜਾਬ ਸਰਕਾਰ ਨੇ ਸਵੈ-ਰੁਜ਼ਗਾਰ ਮੁਹਿੰਮ ਤਹਿਤ ਮਿੰਨੀ ਬੱਸ ਆਪਰੇਟਰਾਂ ਨੂੰ ਵੱਡਾ ਤੋਹਫਾ ਦਿੱਤਾ ਐ। ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ 500 ਤੋਂ ਵਧੇਰੇ ਨਵੇਂ ਮਿੰਨੀ ਬੱਸਾਂ ਦੇ ਪਰਮਿਟ ਵੰਡੇ ਗਏ ਨੇ। ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਮਾਨ ਨੇ ਪਰਮਿਟਾਂ ਦੀ ਵੰਡ ਕੀਤੀ ਗਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿੰਡਾਂ ਅੰਦਰ ਬੱਸਾਂ ਦੀ ਸਹੂਲਤ ਕਾਫੀ ਘੱਟ ਗਈ ਸੀ, ਜਿਸ ਦੇ ਚਲਦਿਆਂ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਰਮਿਟ ਦੇ ਕੇ ਨਵੀਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਬਲਿਕ ਟਰਾਂਸਪੋਰਟ ਨੂੰ ਮਜਬੂਤ ਕਰਨ ਵੱਲ ਲਗਾਤਾਰ ਯਤਨ ਕਰ ਰਹੀ ਐ ਜੋ ਅੱਗੇ ਵੀ ਜਾਰੀ ਰਹਿਣਗੇ।
ਇਨ੍ਹਾਂ ਬੱਸਾਂ ਦਾ ਘੇਰਾ 35 ਕਿੱਲੋਮੀਟਰ ਨਿਰਧਾਰਤ ਕੀਤਾ ਗਿਆ ਹੈ। ਚੰਡੀਗੜ੍ਹ ਵਿਖੇ ਪਰਮਿਟ ਵੰਡ ਸਮਾਰੋਹ ਵਿਚ ਮੁ4ਖ ਮੰਤਰੀ ਤੋਂ ਇਲਾਵਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਆਲਾ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ‘ਸਵੈ-ਰੋਜ਼ਗਾਰ’ ਤਹਿਤ ਇਹ ਪਰਮਿਟ ਜਾਰੀ ਕੀਤੇ ਗਏ ਹਨ ਤੇ ਕੁਝ ਪੁਰਾਣੇ ਲਾਇਸੰਸ ਵੀ ਰਿਨਿਊ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਵੱਲੋਂ 505 ਪਰਮਿਟ ਜਾਰੀ ਕੀਤੇ ਗਏ ਹਨ, ਇਨ੍ਹਾਂ ਵਿਚੋਂ ਤਕਰੀਬਨ 450 ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪਹਿਲੀ ਵਾਰ ਪਰਮਿਟ ਮਿਲੇ ਹਨ ਤੇ ਉਹ ਵੀ ਹੁਣ ਟ੍ਰਾਂਸਪੋਰਟਰ ਬਣ ਗਏ ਹਨ।
ਇਨ੍ਹਾਂ ਪਰਮਿਟਾਂ ਵਿਚ ਰਿਜ਼ਨਾਲ ਟ੍ਰਾਂਸਸਪੋਰਟ ਅਥਾਰਟੀ ਜਲੰਧਰ ਦੇ 342, ਪਟਿਆਲਾ ਦੇ 98, ਬਠਿੰਡਾ ਦੇ 66 ਅਤੇ ਫਿਰੋਜ਼ਪੁਰ ਦੇ 53 ਪਰਮਿਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਤਕ 1100 ਤੋਂ ਵੱਧ ਪਰਮਿਟ ਜਾਰੀ ਕੀਤੇ ਜਾ ਚੁੱਕੇ ਹਨ ਤੇ ਜੇ ਹੋਰ ਵੀ ਕਿਸੇ ਨੇ ਵੀ ਮਿੰਨੀ ਬੱਸ ਦਾ ਪਰਮਿਟ ਲੈਣਾ ਹੈ ਤਾਂ ਅਪਲਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਪਿੰਡਾਂ ਵਿਚ ਪਹਿਲਾਂ ਵਾਂਗ ਹੀ ਦੁਬਾਰਾ ਮਿੰਨੀ ਬੱਸਾਂ ਚੱਲਣੀਆਂ ਸ਼ੁਰੂ ਹੋਣ, ਤਾਂ ਜੋ ਜਿੰਨ੍ਹਾਂ ਕੋਲ ਆਪਣੇ ਸਾਧਨ ਨਹੀਂ ਵੀ ਹਨ, ਉਨ੍ਹਾਂ ਲਈ ਵੀ ਸ਼ਹਿਰ ਆਉਣਾ-ਜਾਣਾ ਸੁਖਾਲਾ ਹੋ ਸਕੇ।
ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੇਲੇ ਕੇਵਲ ਸਿਆਸਤਦਾਨ ਆਪਣੀਆਂ ਬੱਸਾਂ ਨੂੰ ਲਾਭ ਪਹੁੰਚਾਉਣ ਲਈ ਸਰਕਾਰੀ ਟਰਾਸਪੋਰਟ ਨੂੰ ਨੁਕਸਾਨ ਪਹੁੰਚਾਉਂਦੇ ਸਨ ਜਦਕਿ ਮੌਜੂਦਾ ਸਰਕਾਰ ਨੌਜਵਾਨਾਂ ਨੂੰ ਇਸ ਧੰਦੇ ਨਾਲ ਜੋੜਣ ਦੇ ਨਾਲ ਨਾਲ ਸਰਕਾਰੀ ਬੱਸ ਸੇਵਾ ਨੂੰ ਬਿਹਤਰ ਬਣਾ ਰਹੀ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇਤੀ ਹੀ 1311 ਨਵੀਆਂ ਸਰਕਾਰੀ ਬੱਸਾਂ ਵੀ ਖਰੀਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਬਲਕਿ ਨੌਕਰੀਆਂ ਦੇਣ ਵਾਲੇ ਬਣਾਉਣਾ ਚਾਹੁੰਦੇ ਹਨ, ਤੇ ਇਹ ਕਦਮ ਵੀ ਇਸੇ ਦਿਸ਼ਾ ਵੱਲ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਅਜਿਹੇ ਕਦਮ ਚੁੱਕੇ ਜਾਣਗੇ।

