
ਤਰਨ ਤਾਰਨ ਪੁਲਿਸ ਨੇ ਬੀਤੇ ਦਿਨਾਂ ਦੌਰਾਨ ਵਾਪਰੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮਾਂ ਦੀ ਪਛਾਣ ਰਾਹੁਲ ਕੁਮਾਰ ਉਰਫ ਬਿੱਲੀ ਪੁੱਤਰ ਸੁਰਿੰਦਰ ਸਿੰਘ ਅਤੇ ਸਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਰਵਿੰਦਰ ਸਿੰਘ ਦੋਵੇਂ ਵਾਸੀ ਮੁਹੱਲਾ ਨਾਨਕਸਰ ਤਰਨ ਤਾਰਨ ਵਜੋਂ ਹੋਈ ਐ। ਦੋਵੇਂ ਦੋਸ਼ੀ ਬੀਤੇ ਦਿਨਾਂ ਦੌਰਾਨ ਦੋ ਮੈਡੀਕਲ ਸਟੋਰਾਂ ਤੇ ਹੋਈਆਂ ਲੁੱਟ ਦੀਆਂ ਘਟਨਾਵਾਂ ਵਿਚ ਸ਼ਾਮਲ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਖਿਡੌਣਾ ਪਿਸਟਲ ਤੇ ਇਕ ਮਾਰੂ ਹਥਿਆਰ ਬਰਾਮਦ ਕੀਤਾ ਐ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਦੋਵੇਂ ਮੁਲਜਮ ਇਸ ਸਮੇਂ ਬਿਨਾਂ ਨੰਬਰੀ ਸਕੂਟੀ ਤੇ ਮੁਹੱਲਾ ਨਾਨਕਸਰ ਵਿਖੇ ਘੁੰਮ ਰਹੇ ਹਨ। ਜਿਸਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਮੁਹੱਲਾ ਨਾਨਕਸਰ ਤਰਨ ਤਾਰਨ ਤੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਇੱਕ ਖਿਡੌਨਾ ਪਿਸਤੌਲ, ਇੱਕ ਦਾਤਰ ਅਤੇ ਇੱਕ ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤਾ ਐ। ਪੁੱਛਗਿੱਛ ਦੌਰਾਨ ਮੁਲਜਮਾਂ ਨੇ ਚੀਫ ਮੈਡੀਕਲ ਸਟੋਰ ਮਾਲਕ ਪਾਸੋਂ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਤਰਨ ਤਾਰਨ ਵਿੱਚ 8000 ਰੁਪਏ ਦੀ ਲੁੱਟ ਅਤੇ ਤਰਨ ਤਾਰਨ ਸ਼ਹਿਰ ਵਿੱਚ ਅਨਮੋਲ ਮੈਡੀਕਲ ਸਟੋਰ ਜੰਡਿਆਲਾ ਰੋਡ ਤੋਂ ਲੁੱਟ ਕਰਨ ਦੀ ਗੱਲ ਕਬੂਲੀ ਐ।
ਇਸਦੇ ਨਾਲ ਹੀ ਇਹਨਾਂ ਦੋਸ਼ੀਆਂ ਨੇ ਇੱਕ ਕਰਿਆਨਾ ਸਟੋਰ ਜੰਡਿਆਲਾ ਰੋਡ ਫਾਟਕ ਤਰਨ ਤਾਰਨ ਨੇੜੇ ਦੁਕਾਨ ਵਿੱਚੋਂ ਲੁੱਟ ਕੀਤੀ ਸੀ ਅਤੇ ਚਾਰ ਖੰਬਾ ਚੌਂਕ ਨੇੜੇ ਤੋਂ ਇੱਕ ਔਰਤ ਪਾਸੋਂ ਸੋਨੇ ਦੀ ਚੈਨੀ ਖੋਹੀ ਸੀ ਅਤੇ ਇਸਦੇ ਨਾਲ ਹੀ ਗੁਰੂਦੁਆਰਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇੜਿਉ ਝਬਾਲ ਰੋਡ ਤੋਂ ਇੱਕ ਵਿਅਕਤੀ ਪਾਸੋਂ 30,000/- ਰੁਪਏ ਵੀ ਲੁੱਟ ਖੋਹ ਕੀਤੀ ਸੀ। ਦੋਸ਼ੀ ਰਾਹੁਲ ਕੁਮਾਰ ਉਰਫ ਬਿੱਲੀ ਦੇ ਖਿਲਾਫ ਪਹਿਲਾ ਵੀ ਕਾਫੀ ਮੁਕੱਦਮੇ ਦਰਜ਼ ਹਨ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਮੁਲਜਮਾਂ ਦੀ ਅਗਲੇਰੀ ਪੁਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ।

