
ਗੁਰਦਾਸਪੁਰ ਪੁਲਿਸ ਨੇ ਖੂਨੀ ਡੋਰ ਵਜੋਂ ਜਾਣੀ ਜਾਂਦੀ ਚਾਈਨਾ ਡੋਰ ਖਿਲਾਫ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤੀ ਐ। ਇਸੇ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਝੂਲਨਾ ਮਹਿਲ ਇਲਾਕੇ ਵਿਚੋਂ ਸੁਨੀਲ ਕੁਮਾਰ ਉਰਫ ਸੋਨੂੰ ਨਾਮ ਦੇ ਦੁਕਾਨਦਾਰ ਤੋਂ 35 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਚਾਈਨਾ ਡੋਰ ਨਾਲ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਐ, ਜਿਸ ਦੇ ਚਲਦਿਆਂ ਖੂਨੀ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਐ।
ਦੱਸਣਯੋਗ ਐ ਕਿ ਸਰਦੀਆਂ ਦਾ ਮੌਸਮ ਦੌਰਾਨ ਬਹੁਤ ਸਾਰੇ ਲੋਕ ਤੇ ਬੱਚੇ ਪਤੰਗਬਾਜ਼ੀ ਕਰਦੇ ਹਨ, ਜਿਨ੍ਹਾਂ ਵਿਚੋਂ ਬਹੁਤੇ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਇਹ ਡੋਰ ਐਨੀ ਖਤਰਨਾਕ ਹੈ ਕਿ ਬੀਤੇ ਸਮੇਂ ਵਾਪਰੇ ਹਾਦਸਿਆਂ ਦੌਰਾਨ ਅਨੇਕਾ ਜਾਨਾਂ ਜਾ ਚੁੱਕੀਆਂ ਹਨ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਪਸ਼ੂ ਪੰਛੀਆਂ ਲਈ ਵੀ ਇਹ ਡੋਰ ਬੇਹਦ ਖਤਰਨਾਕ ਸਾਬਤ ਹੋ ਰਹੀ ਹੈ, ਇਸ ਦੇ ਬਾਵਜੂਦ ਕੁਝ ਲੋਕ ਇਸ ਦਾ ਇਸਤੇਮਾਲ ਕਰਨ ਤੋਂ ਬਾਜ਼ ਨਹੀਂ ਆਉਂਦੇ, ਜਿਸ ਦੇ ਚਲਦਿਆਂ ਪੁਲਿਸ ਹਰ ਵਾਰ ਇਸ ਖਿਲਾਫ ਸਖਤੀ ਵਰਤਦੀ ਹੈ। ਇਸ ਵਾਰ ਵੀ ਖੂਨੀ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਚਲਦਿਆਂ ਪੁਲਿਸ ਨੇ ਦੁਕਾਨਾਂ ਤੇ ਛਾਪੇਮਾਰੀ ਕਰ ਕੇ ਜਾਂਚ ਕੀਤੀ ਜਾ ਰਹੀ ਐ।

