
ਕੈਬਨਿਟ ਮੰਤਰੀ ਬਰਿੰਦਰ ਗੋਇਲ ਅੱਜ ਸੰਗਰੂਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਵਰਕਾਮ ਦੀ ਨਵੀਂ ਉਸਾਰੀ ਜਾ ਰਹੀ ਬਿਲਡਿੰਗ ਦੀ ਥਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਠੇਕੇਦਾਰ ਦੀਨ ਦਿਆਲਨੇ ਮੰਤਰੀ ਗੋਇਲ ਨੂੰ ਬਿਲਡਿੰਗ ਦੇ ਨਕਸ਼ਾ ਦਿਖਾਉਂਦਿਆਂ ਬਿਲਡਿੰਗ 5 ਮਹੀਨਿਆਂ ਅੰਦਰ ਮੁਕੰਮਲ ਕਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ 40 ਸਾਲ ਪਹਿਲਾਂ ਇੱਥੇ ਬਿਜਲੀ ਮਹਿਕਮੇ ਦੇ ਦਫਤਰ ਹੁੰਦੇ ਸੀ, ਜੋ ਸ਼ਿਫਟ ਕਰ ਦਿੱਤੇ ਸੀ ਪਰ ਹੁਣ ਸਰਕਾਰ ਇਸ ਥਾਂ ਤੇ ਮੁੜ ਦਫਤਰ ਦੀ ਉਸਾਰੀ ਕਰਨ ਜਾ ਰਹੀ ਐ।
ਦੱਸਣਯੋਗ ਐ ਕਿ 3.27 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਸ ਬਿਲਡਿੰਗ ਦਾ ਨੀਂਹ ਪੱਥਰ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖਿਆ ਗਿਆ ਸੀ। ਮੰਤਰੀ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 40 ਸਾਲ ਪਹਿਲਾਂ ਇੱਥੇ ਪਾਵਰਕੌਮ ਦੇ ਦਫਤਰ ਹੁੰਦੇ ਸੀ ਜੋ ਉਸ ਸਮੇਂ ਸ਼ਿਫਟ ਕਰ ਦਿੱਤੇ ਗਏ ਸੀ। ਸਾਰੀ ਜਗ੍ਹਾ ਖਾਲੀ ਪਈ ਸੀ ਜਿੱਥੇ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਸਨ ਤੇ ਇਹ ਜਗ੍ਹਾ ਸ਼ਹਿਰ ਨਿਵਾਸੀਆਂ ਲਈ ਸਿਰਦਰਦੀ ਬਣੀ ਹੋਈ ਸੀ।
ਉਨ੍ਹਾਂ ਕਿਹਾ ਕਿ ਇੱਥੇ ਨਵੀਂ ਬਿਲਡਿੰਗ ਦੀ ਉਸਾਰੀ ਹੋ ਰਹੀ ਐ ਜੋ ਚਾਰ ਪੰਜ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਇੱਥੇ ਐਸ.ਡੀ.ਓ. (ਸ਼ਹਿਰੀ), ਐਸ.ਡੀ.ਓ. (ਦਿਹਾਤੀ) ਤੋਂ ਇਲਾਵਾ ਐਕਸੀਅਨ ਸਮੇਤ ਕੰਪਲੀਟ ਸੈਂਟਰ ਬਣੇਗਾ। ਉਨ੍ਹਾਂ ਕਿਹਾ ਕਿ ਬਿਲਡਿੰਗ ਦੀ ਉਸਾਰੀ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਬਿਜਲੀ ਸਬੰਧੀ ਕੰਮ ਲਈ ਖੱਜਲ ਨਹੀਂ ਹੋਣਾ ਪਵੇਗਾ ਤੇ ਸਾਰੇ ਕੰਮ ਇੱਕ ਥਾਂ ’ਤੇ ਹੋ ਜਾਇਆ ਕਰਨਗੇ।

