ਨਾਭਾ ਵਾਸੀ ਨਸ਼ਾ ਪੀੜਤ ਨੇ ਸੁਣਾਈ ਆਪਬੀਤੀ; ਨਸ਼ੇ ਲਈ ਵੇਚੇ ਗਹਿਣੇ ਤੇ ਘਰ ਦਾ ਸਾਮਾਨ; ਸਰਕਾਰ ਅੱਗੇ ਨਸ਼ੇ ਖਤਮ ਕਰਨ ਲਈ ਗੁਹਾਰ

0
11

ਪੰਜਾਬ ਸਰਕਾਰ ਵੱਲੋਂ ਯੁੱਥ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਨਸ਼ੇ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਪਿੰਡਾਂ-ਸ਼ਹਿਰਾਂ ਤੋਂ ਨਸ਼ਿਆਂ ਦੀ ਵਿੱਕਰੀ ਬਾਰੇ ਇਕਸਾਫ ਕੀਤੇ ਜਾ ਰਹੇ ਨੇ। ਅਜਿਹਾ ਹੀ ਮਾਮਲਾ ਨਾਭਾ ਦੇ ਪਿੰਡ ਲੁਬਾਣੇ ਤੋਂ ਸਾਹਮਣੇ ਆਇਆ ਐ, ਜਿੱਥੇ ਨਸ਼ਾ ਪੀੜਤ ਨੌਜਵਾਨ ਨੇ ਨਸ਼ਿਆਂ ਦੀ ਪੂਰਤੀ ਲਈ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਐ। ਹਾਲਾਤ ਇਹ ਨੇ ਕਿ ਹੁਣ ਉਸ ਨੇ ਆਪਣੀ ਮਾਂ ਦੇ ਗਹਿਣੇ ਵੀ ਚੋਰੀ ਕਰ ਕੇ ਵੇਚ ਦਿੱਤੇ ਨੇ। ਨੌਜਵਾਨ ਦੀ ਮਾਂ ਨੇ ਸਰਕਾਰ ਤੋਂ ਇਲਾਕੇ ਵਿਚੋਂ ਨਸ਼ੇ ਖਤਮ ਕਰਨ ਦੀ ਅਪੀਲ ਕੀਤੀ ਐ।

ਲੋਕਾਂ ਦੇ ਦੱਸਣ ਮੁਤਾਬਕ ਇੱਕ ਨੌਜਵਾਨ ਨੇ ਪਹਿਲਾਂ ਨਸ਼ੇ ਦੀ ਲੱਤ ਪੂਰੀ ਕਰਨ ਲਈ ਘਰੇਲੂ ਸਮਾਨ ਇੱਕ-ਇੱਕ ਕਰਕੇ ਵੇਚਿਆ, ਅਤੇ ਹੁਣ ਉਸਨੇ ਆਪਣੀ ਮਾਂ ਦੇ ਗਹਿਣੇ ਇੱਕ ਸੁਨਿਆਰੇ ਨੂੰ ਵੇਚ ਦਿੱਤੇ ਹਨ।  ਨਸ਼ੇ ਦੇ ਆਦੀ ਨੌਜਵਾਨ ਦੀ ਬਜ਼ੁਰਗ ਮਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਸਨ। ਨਸ਼ੇ ਦੀ ਪੂਰਤੀ ਖਾਤਰ ਉਸ ਦੇ ਪੁੱਤਰ ਘਰ ਦੇ ਗਹਿਣੇ, ਭਾਂਡੇ, ਰਾਸ਼ਨ ਅਤੇ ਗੈਸ ਸਿਲੰਡਰ ਚੋਰੀ ਕਰਕੇ ਵੇਚ ਦਿੱਤੇ ਸਨ। ਮਾਂ ਨੇ ਅੱਗੇ ਕਿਹਾ ਕਿ ਇਲਾਕੇ ਵਿਚ ਨਸ਼ੇ ਸ਼ਰੇਆਮ ਵਿੱਕਦੇ ਹਨ, ਜਿਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ ਐ।

ਇਸੇ ਤਰ੍ਹਾਂ ਨਸ਼ੇ ਦੇ ਆਦੀ ਨੌਜਵਾਨ ਨੇ ਵੀ ਇਲਾਕੇ ਅੰਦਰ ਸ਼ਰੇਆਮ ਨਸ਼ਾ ਵਿੱਕਣ ਦਾ ਦਾਅਵਾ ਕੀਤਾ ਐ। ਨੌਜਵਾਨ ਦੇ ਦੱਸਣ ਮੁਤਾਬਕ ਉਹ ਚਾਰ ਸਾਲਾਂ ਤੋਂ ਨਸ਼ਿਆਂ ਦਾ ਆਦੀ ਐ। ਉਸ ਨੇ ਕਿਹਾ ਕਿ ਉਹ ਨਸ਼ੇ ਛੱਡਣਾ ਚਾਹੁੰਦਾ ਐ ਪਰ ਯਾਰਾਂ ਦੋਸਤਾਂ ਦੇ ਕਹਿਣ ਅਤੇ ਇਲਾਕੇ ਵਿਚੋਂ ਨਸ਼ੇ ਆਮਸ਼ਰੇ ਵਿੱਕਣ ਕਾਰਨ ਉਹ ਨਸ਼ਿਆਂ ਤੋਂ ਖਹਿੜਾ ਨਹੀਂ ਛੁਡਾ ਪਾ ਰਿਹਾ। ਪੀੜਤ ਨੇ ਸਰਕਾਰ ਤੋਂ ਨਸ਼ੇ ਖਤਮ ਕਰ ਕੇ ਇਲਾਜ ਕਰਵਾਉਣ ਦੀ ਮੰਗ ਕੀਤੀ ਐ।

ਉਸਨੇ ਮੰਨਿਆ ਕਿ ਸਿਰਫ਼ ਪੰਜ ਦਿਨ ਪਹਿਲਾਂ, ਉਸਨੇ ਆਪਣੀ ਮਾਂ ਦੇ ਗਹਿਣੇ ਭਾਦਾਸੋਂ ਇਲਾਕੇ ਦੇ ਇੱਕ ਸੁਨਿਆਰੇ ਨੂੰ 40 ਹਜ਼ਾਰ ਕੀਮਤ ਦੇ ਗਹਿਣੇ ਕੇਵਲ 20,000 ਰੁਪਏ ਵਿੱਚ ਵੇਚ ਦਿੱਤੇ ਸਨ। ਨੌਜਵਾਨ ਦੇ ਦੱਸਣ ਮੁਤਾਬਕ ਉਸ ਦਾ ਪਰਿਵਾਰ ਵੀ ਉਸ ਤੋਂ ਬਹੁਤ ਦੁਖੀ ਐ। ਉਸ ਨੇ ਸਰਕਾਰ ਅੱਗੇ ਇਲਾਜ ਕਰਵਾਉਣ ਮਦਦ ਦੀ ਅਪੀਲ ਕੀਤੀ ਐ।

ਇਸ ਸਬੰਧੀ ਪੁੱਛੇ ਜਾਣ ਦੇ ਨਾਭਾ ਥਾਣੇ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਪੀੜਤ ਦੀ ਮਾਂ ਨੂੰ ਥਾਣੇ ਆ ਕੇ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿੱਚ, ਪਿੰਡ ਦੇ 7 ਨਸ਼ਾ ਤਸਕਰਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ, ਅਤੇ 4 ਤੋਂ 5 ਨਸ਼ੇੜੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਅੱਗੇ ਆਉਣ ਅਤੇ ਆਪਣੇ ਬੱਚਿਆਂ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਦੀ ਮਦਦ ਨਾਲ ਇਲਾਜ ਕਰਵਾਉਣ ਵਿੱਚ ਮਦਦ ਕਰਨ।

LEAVE A REPLY

Please enter your comment!
Please enter your name here