
ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਿਹੰਗ ਸਿੰਘ ਵੱਲੋਂ ਰਾਹਗੀਰ ਦੀ ਗੱਡੀ ਭੰਨ੍ਹਣ ਦੀ ਖਬਰ ਐ। ਗੱਡੀ ਦਾ ਮਾਲਕ ਹਰਿਆਣਾ ਪੁਲਿਸ ਦਾ ਮੁਲਾਜਮ ਦੱਸਿਆ ਜਾ ਰਿਹਾ ਐ। ਖਬਰਾਂ ਮੁਤਾਬਕ ਗੁਰਦੁਆਰਾ ਜੋਤੀ ਸਰੂਪ ਨੇੜੇ ਹਰਿਆਣਾ ਪੁਲਿਸ ਦੇ ਐਸਪੀਓ ਦੀ ਗੱਡੀ ਦੀ ਨਿਹੰਗ ਸਿੰਘ ਨਾਲ ਮਾਮੂਲੀ ਟੱਕਰ ਹੋਈ ਸੀ, ਜਿਸ ਤੋਂ ਬਾਅਦ ਉੱਥੇ ਮੌਜੂਦ ਨਿਹੰਗ ਸਿੰਘ ਨੇ ਗੱਡੀ ਦੀ ਭੰਨਤੋੜ ਕਰ ਦਿੱਤੀ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਘਟਨਾ ਦੇਰ ਰਾਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਨੇੜੇ ਦੀ ਐ। ਇੱਥੇ ਕੁੱਝ ਨਿਹੰਗ ਸਿੰਘਾਂ ’ਤੇ ਹਰਿਆਣਾ ਪੁਲਿਸ ਦੇ ਐਸਪੀਓ ਦੀ ਗੱਡੀ ਦੀ ਭੰਨ ਤੋੜ ਅਤੇ ਕੁੱਟਮਾਰ ਕਰ ਕੇ ਹਮਲਾ ਕਰਨ ਦੇ ਦੋਸ਼ ਲੱਗੇ ਹਨ, ਜਿਸ ਦੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਹਰਿਆਣਾ ਪੁਲਿਸ ਦੇ ਐਸਪੀਓ ਵਜੋਂ ਤਾਇਨਾਤ ਮੋਹਨ ਲਾਲ ਦੇ ਦੱਸਣ ਮੁਤਾਬਕ ਉਹ ਆਪਣੇ ਲੜਕੇ ਅਤੇ ਭਰਾ ਨਾਲ ਇੱਥੋਂ ਗੁਜਰ ਰਿਹਾ ਸੀ ਕਿ ਇੱਕ ਨਿਹੰਗ ਸਿੰਘ ਸਾਈਡ ’ਤੇ ਡਿਗ ਗਿਆ, ਜਿਸ ਪਿੱਛੋਂ ਉਸ ਦੇ ਸਾਥੀ ਨਿਹੰਗਾਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਸਦੀ ਗੱਡੀ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ, ਉੱਥੇ ਹੀ ਗੁੱਝੀਆਂ ਸੱਟਾਂ ਮਾਰੀਆਂ। ਉਸ ਨੇ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਉੱਧਰ ਮੌਕੇ ਤੇ ਪਹੁੰਚੇ ਥਾਣਾ ਫਤਹਿਗੜ੍ਹ ਸਾਹਿਬ ਦੇ ਐਸਐਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੋਹਨ ਲਾਲ ਦੀ ਇੱਥੇ ਗੱਡੀ ਖੜ੍ਹੀ ਸੀ ਜਿਸ ਨੂੰ ਡੰਡਿਆਂ ਆਦਿ ਨਾਲ ਨੁਕਸਾਨ ਪਹੁੰਚਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਕ ਨਿਹੰਗ ਸਿੰਘ ’ਚ ਗੱਡੀ ਲੱਗਣ ਪਿੱਛੋਂ ਇਹ ਘਟਨਾ ਵਾਪਰੀ ਹੈ, ਜਿਸ ਦੀ ਜਾਂਚ ਜਾਰੀ ਐ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।

