
ਵੋਟਾਂ ਨੂੰ ਅਕਸਰ ਹੀ ਪਿੰਡਾਂ ਵਿਚ ਧੜੇਬੰਦੀ ਦਾ ਕਾਰਨ ਮੰਨਿਆ ਜਾਂਦਾ ਐ ਪਰ ਸਰਹੱਦੀ ਜਿਲ੍ਹਾ ਫਾਜਲਿਕਾ ਦੇ ਪਿੰਡ ਨੂਰਪੁਰਾ ਤੋਂ ਆਈਆਂ ਤਸਵੀਰਾਂ ਨੇ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ ਐ। ਇੱਥੇ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਂਝਾ ਬੂਥ ਸਥਾਪਤ ਕੀਤਾ ਗਿਆ ਐ। ਪਿੰਡ ਵਾਸੀਆਂ ਮੁਤਾਬਕ ਉਹ ਕਈ ਸਾਲਾਂ ਤੋਂ ਇਹ ਰਵਾਇਤ ਕਾਇਮ ਰੱਖਦੇ ਆ ਰਹੇ ਨੇ। ਪਿੰਡ ਵਾਸੀਆਂ ਦੀ ਇਸ ਦਰਿਆਦਿਲੀ ਦੀ ਨੇੜਲੇ ਪਿੰਡਾਂ ਅੰਦਰ ਚਰਚਾ ਹੋ ਰਹੀ ਐ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਪਿਛਲੇ ਕਰੀਬ ਕਈ ਸਾਲਾਂ ਤੋਂ ਇਸ ਰਿਵਾਇਤ ਨੂੰ ਕਾਇਮ ਰੱਖ ਰਹੇ ਹਨ ਕਿਉਂਕਿ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਹੈ ਅਤੇ ਵੋਟਾਂ ਪਿੱਛੇ ਕਿਸੇ ਨਾਲ ਵੀ ਲੜਾਈ ਝਗੜਾ ਕਰਨਾ ਗਲਤ ਹੈ। ਪਿੰਡ ਦੇ ਵਾਸੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਇੱਕੋ ਜਗ੍ਹਾ ਤੇ ਬੈਠ ਕੇ ਪਰਚੀਆਂ ਕੱਟੀਆਂ ਜਾਣ ਜੋ ਵੀ ਵੋਟਰ ਆਉਂਦਾ ਹੈ ਉਹ ਜਿੱਥੇ ਜੀ ਕਰੇ ਆਪਣੀ ਵੋਟ ਨਿਰਪੱਖ ਹੋ ਕੇ ਪਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਰਵਾਇਤ ਦੇ ਚਲਦਿਆਂ ਹੀ ਹੁਣ ਪਿੰਡ ਵਿੱਚ ਪੰਚਾਇਤ ਵੀ ਸਰਬ ਸੰਮਤੀ ਨਾਲ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਵਾਰ ਪੰਚਾਇਤੀ ਚੋਣਾਂ ਵਿੱਚ ਵੀ ਪਿੰਡ ਦੇ ਸਰਪੰਚ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਹੈ।

