
ਅਬੋਹਰ ਦੇ ਤਹਿਸੀਲ ਅਹਾਤੇ ਵਿੱਚ ਅਦਾਲਤ ਵਿੱਚ ਪੇਸ਼ੀ ਲਈ ਆਏ ਇੱਕ ਨੌਜਵਾਨ ‘ਤੇ ਕੁੱਝ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮਰਨ ਵਾਲੇ ਗੋਲੂ ਪੰਡਿਤ ਵਜੋਂ ਹੋਈ ਐ ਜੋ ਅਦਾਲਤ ਵਿਚ ਪੇਸ਼ੀ ਭੁਗਤਣ ਆਇਆ ਸੀ। ਘਟਨਾ ਨੂੰ ਗੈਗਵਾਰ ਵਜੋਂ ਵੇਖਿਆ ਜਾ ਰਿਹਾ ਐ। ਉਧਰ ਘਟਨਾ ਨੂੰ ਲੈ ਕੇ ਵਕੀਲ ਭਾਈਚਾਰੇ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਖਬਰਾਂ ਮੁਤਾਬਕ ਅਬੋਹਰ ਦੇ ਮਸ਼ਹੂਰ ਜੌਹਰੀ ਮੰਦਿਰ ਦੇ ਪੁਜਾਰੀ ਦਾ ਪੁੱਤਰ ਆਕਾਸ਼ ਉਰਫ਼ ਗੋਲੂ ਪੰਡਿਤ, ਉਸਦਾ ਦੋਸਤ ਸੋਨੂੰ ਅਤੇ ਇੱਕ ਹੋਰ ਵਿਅਕਤੀ ਅੱਜ ਆਪਣੀ ਕਾਰ ਵਿੱਚ ਪਹੁੰਚੇ। ਜਿਵੇਂ ਹੀ ਗੋਲੂ ਪੰਡਿਤ ਆਪਣੀ ਅਦਾਲਤ ਦੀ ਸੁਣਵਾਈ ਤੋਂ ਬਾਹਰ ਆਇਆ ਅਤੇ ਆਪਣੀ ਕਾਰ ਵਿੱਚ ਬੈਠਣ ਹੀ ਵਾਲਾ ਸੀ, ਕੁਝ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਸ ਦੌਰਾਨ, ਗੋਲੂ ਦੇ ਸਾਥੀ ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਆਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਗੋਲੂ ਦੇ ਨਾਲ ਮੌਜੂਦ ਸੋਨੂੰ ਨੇ ਕਿਹਾ ਕਿ ਤਿੰਨ ਤੋਂ ਚਾਰ ਨੌਜਵਾਨਾਂ ਨੇ ਗੋਲੂ ਪੰਡਿਤ ‘ਤੇ ਪੰਜ ਤੋਂ ਛੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਤਿੰਨ ਉਸਦੇ ਸਰੀਰ ‘ਤੇ ਲੱਗੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਜ਼ਿਲ੍ਹਾ ਐਸਐਸਪੀ ਗੁਰਮੀਤ ਸਿੰਘ, ਐਸਪੀਡੀ, ਸਿਟੀ ਵਨ ਅਤੇ ਸਿਟੀ ਟੂ ਦੇ ਇੰਚਾਰਜ ਮਨਿੰਦਰ ਸਿੰਘ ਅਤੇ ਰਵਿੰਦਰ ਸਿੰਘ ਭੀਥੀ ਤੁਰੰਤ ਹਸਪਤਾਲ ਪਹੁੰਚੇ। ਇਸ ਦੌਰਾਨ ਪੁਲਿਸ ਵੱਲੋਂ ਹਸਪਤਾਲ ਨੂੰ ਛਾਉਣੀ ਵਿੱਚ ਬਦਲ ਦਿੱਤਾ ਗਿਆ ਸੀ। ਚੋਣਾਂ ਤੋਂ ਠੀਕ ਪਹਿਲਾਂ ਵਾਪਰੀ ਇਸ ਘਟਨਾ ਨੂੰ ਲੈ ਕੇ ਵਕੀਲ ਭਾਈਚਾਰੇ ਅੰਦਰ ਗੁੱਸਾ ਪਾਇਆ ਜਾ ਰਿਹਾ ਐ।
ਹਸਪਤਾਲ ਪਹੁੰਚੇ ਐਸਐਸਪੀ ਨੇ ਕਿਹਾ ਕਿ ਗੋਲੂ ਪੰਡਿਤ ਵਿਰੁੱਧ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ, ਅਤੇ ਇਹ ਘਟਨਾ ਗੈਂਗਵਾਰ ਨਾਲ ਵੀ ਜੁੜੀ ਹੋਈ ਹੈ। ਪੁਲਿਸ ਪ੍ਰਸ਼ਾਸਨ ਗੈਂਗਸਟਰਾਂ ਨੂੰ ਬਰਦਾਸ਼ਤ ਨਹੀਂ ਕਰੇਗਾ, ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦੀ ਹੀ ਫੜ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੱਲ੍ਹ ਹੀ ਐਸਪੀ ਡੀ ਦੀ ਅਗਵਾਈ ਹੇਠ ਇੱਕ ਵੱਡੀ ਪੁਲਿਸ ਫੋਰਸ ਨੇ ਸ਼ਹਿਰ ਅਤੇ ਪਿੰਡਾਂ ਵਿੱਚ ਇੱਕ ਵਿਸ਼ਾਲ ਫਲੈਗ ਮਾਰਚ ਕੱਢਿਆ ਸੀ ਅਤੇ ਇਲਾਕੇ ਦੇ ਲੋਕਾਂ ਨੂੰ ਸ਼ਾਂਤੀਪੂਰਨ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਇੱਕ ਦਿਨ ਬਾਅਦ ਹੀ ਸ਼ਹਿਰ ਦੇ ਤਹਿਸੀਲ ਕੰਪਲੈਕਸ ਵਿੱਚ ਦਿਨ-ਦਿਹਾੜੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਘਟਨਾ ਵਾਪਰ ਗਈ ਐ।

