
ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸੰਗਰੂਰ ਅਧੀਨ ਆਉਂਦੇ ਦਿੜ੍ਹਬਾ ਦੇ ਤਹਿਸੀਲ ਕੰਪਲੈਕਸ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਤਹਿਸੀਲ ਕੰਪਲੈਕਸ ਵਿਚ ਸਥਿਤ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ। ਜਾਣਕਾਰੀ ਅਨੁਸਾਰ ਖਜਾਨਾ ਮੰਤਰੀ ਕੋਲ ਸਰਕਾਰੀ ਦਫਤਰਾਂ ਦੇ 4 ਵਜੇ ਛੁੱਟੀ ਕਰ ਜਾਣ ਸਬੰਧੀ ਸ਼ਿਕਾਇਤਾਂ ਪਹੁੰਚ ਰਹੀਆਂ ਸੀ, ਜਿਸ ਦੇ ਚਲਦਿਆਂ ਇਹ ਚੈਕਿੰਗ ਕੀਤੀ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਖਜਾਨਾ ਮੰਤਰੀ ਨੇ ਕਿਹਾ ਕਿ ਜਿਹੜੇ ਅਧਿਕਾਰੀ ਗੈਰ-ਹਾਜ਼ਰ ਪਾਏ ਗਏ, ਉਨ੍ਹਾਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਖਬਰਾਂ ਮੁਤਾਬਕ ਦਿੜ੍ਹਬਾ ਤਹਿਸੀਲ ਕੰਪਲੈਕਸ ਅੰਦਰ ਸਥਿਤ ਸਰਕਾਰੀ ਦਫਤਰਾਂ ਦੇ ਅਧਿਕਾਰੀਆਂ ਦੇ 4 ਵਜੇ ਦੇ ਲਗਭਗ ਛੁੱਟੀ ਕਰ ਕੇ ਘਰਾਂ ਨੂੰ ਚਲੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ। ਲੋਕਾਂ ਦਾ ਕਹਿਣਾ ਸੀ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਗੈਰ ਹਾਜਰ ਹੋਣ ਕਾਰਨ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪੈਂਦਾ ਐ। ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਅੰਦਰ ਖੱਜਲ ਖੁਆਰੀ ਰੋਕਣ ਲਈ ਦ੍ਰਿੜ੍ਹ ਸੰਕਲਪ ਐ ਅਤੇ ਕਿਸੇ ਵੀ ਅਧਿਕਾਰੀ ਨੂੰ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਇਜਾਜਤ ਨਹੀਂ ਹੋਵੇਗੀ ਅਤੇ ਗੈਰ ਹਾਜਰ ਪਾਏ ਗਏ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

