
ਫਤਹਿਗੜ੍ਹ ਚੂੜੀਆਂ ਨੇੜਲੇ ਪਿੰਡ ਬੱਦੋਵਾਲ ਕਲਾਂ ਵਿਖੇ ਸਰਪੰਚ ਵੱਲੋਂ ਕੂੜੇ ਦੇ ਡੰਪ ਬਣਾਉਣ ਦਾ ਮਸੀਹੀ ਭਾਈਚਾਰੇ ਨੇ ਵਿਰੋਧ ਕੀਤਾ ਐ। ਮਸੀਹੀ ਭਾਈਚਾਰੇ ਦਾ ਇਲਜਾਮ ਐ ਕਿ ਕਬਰਸਥਾਨ ਦੀ ਥਾਂ ’ਤੇ ਪਹਿਲਾਂ ਮਰੇ ਪਸ਼ੂ ਸੁੱਟੇ ਜਾ ਰਹੇ ਸੀ, ਜਿਸ ਤੋਂ ਲੋਕ ਪ੍ਰੇਸ਼ਾਨ ਸਨ ਪਰ ਹੁਣ ਸਰਪੰਚ ਵੱਲੋਂ ਇੱਥੇ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਇਹ ਥਾਂ ਉਨ੍ਹਾਂ ਦੇ ਪੁਰਖਿਆਂ ਦੀ ਐ, ਜਿੱਥੇ ਉਹ ਮਰਦੇ ਦਫਨਾਉਂਦੇ ਸੀ। ਉਧਰ ਸਰਪੰਚ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਹ ਇੱਥੇ ਹੱਡਾਰੋਡੀ ਤੇ ਕੂੜੇ ਦਾ ਨਿਪਟਾਰਾ ਕਰਵਾ ਰਹੇ ਨੇ ਪਰ ਕੁੱਝ ਲੋਕ ਬਿਨਾਂ ਵਜ੍ਹਾਂ ਰੌਲਾ ਪਾ ਰਹੇ ਨੇ।
ਇਸ ਮੋਕੇ ਮਸੀਹ ਭਾਈਚਾਰੇ ਨੇ ਕਿਹਾ ਕਿ ਇਹ ਜਗਹਾ ਉਹਨਾਂ ਦੇ ਦਾਦੇ ਪੜਦਾਦਿਆਂ ਤੋਂ ਉਹਨਾਂ ਦੇ ਨਾਮ ਤੇ ਬੋਲਦੀ ਹੈ ਅਤੇ ਕਈ ਸਾਲਾਂ ਤੋਂ ਉਹ ਆਪਣੇ ਮੁਰਦੇ ਇਥੇ ਦਫਨਾਉਂਦੇ ਆ ਰਹੇ ਹਨ। ਸਰਪੰਚ ਬਜਾਏ ਇਸਦੇ ਕਿ ਇਥੋਂ ਹੱਡਾਰੋੜੀ ਸਿਫ਼ਟ ਕਰਕੇ ਪਿੰਡ ਤੋਂ ਦੂਰ ਲੈ ਜਾਣ ਦਾ ਕੋਈ ਚਾਰਾ ਕਰਦੀ ਪਰ ਉਸਨੇ ਉਹਨਾਂ ਦੀ ਜ਼ਿੰਦਗੀ ਹੋਰ ਨਰਕ ਬਣਾਉਂਣ ਲਈ ਇਥੇ ਕੂੜਾ ਡੰਪ ਬਣਾ ਦਿੱਤਾ ਹੈ ਹੁਣ ਉਹ ਆਪਣੇ ਮ੍ਰਿਤਕਾਂ ਨੂੰ ਕਿੱਥੇ ਦਫਨਾਉਂਣਗੇ।
ਉਹਨਾਂ ਸਰਕਾਰੀ ਅਫਸਰਾਂ ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਅਫਸਰ ਨਰੇਗਾ ਵਿੱਚ ਕੰਮ ਤਾਂ ਸਾਡੇ ਤੋਂ ਘੱਟ ਪੈਸਿਆਂ ਵਿੱਚ ਕਰਵਾਉਂਦੇ ਹਨ ਪਰ ਕਾਗਜਾਂ ਵਿੱਚ ਨਾਮ ਕੋਈ ਹੋਰ ਬੋਲਦੇ ਹਨ। ਉਹਨਾਂ ਡੀ.ਸੀ.ਸਾਹਿਬ ਗੁਰਦਾਸਪੁਰ, ਅਤੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹੱਡਾਰੋੜੀ ਅਤੇ ਕੂੜਾ ਡੰਪ ਪਿੰਡ ਤੋਂ ਦੂਰ ਰੇਲਵੇ ਲਾਇਨ ਲਾਗੇ ਸਿਫ਼ਟ ਕੀਤਾ ਜਾਵੇ ਅਤੇ ਪਿੰਡ ਵਾਸੀਆਂ ਨੂੰ ਬਦਬੂ ਅਤੇ ਬੀਮਾਰੀਆਂ ਤੋਂ ਰਾਹਤ ਦਵਾਈ ਜਾਵੇ।
ਉਧਰ ਬੀ.ਡੀ.ਪੀ.ਓ ਸੁਖਜਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਰਕਾਰ ਵੱਲੋਂ ਸੌਲਡ ਵੇਸਟ ਸਕੀਮ ਤਹਿਤ ਪਿੰਡ ਦੇ ਕੂੜੇ ਦਾ ਪ੍ਰਬੰਧ ਕਰਨ ਲਈ ਛੇ ਮਹੀਨੇ ਮਹਿਲਾਂ ਇਹ ਪ੍ਰੌਜੈਕਟ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਇਸ ਉਪਰ ਟੀਨਾ ਪਾਉਣ ਵੇਲੇ ਕੁੱਝ ਲੋਕ ਅਚਾਨਕ ਇਸਦਾ ਵਿਰੋਧ ਕਰਨ ਲੱਗ ਪਏ ਹਨ, ਪਰ ਇਹ ਸਰਕਾਰੀ ਕੰਮ ਹੈ ਇਸ ਲਈ ਸਾਨੂੰ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਲੈਣੀ ਪਈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਹੋ ਸਕੇ। ਇਸੇ ਤਰ੍ਹਾਂ ਪਿੰਡ ਦੀ ਆਮ ਆਦਮੀ ਪਾਰਟੀ ਦੀ ਸਰਪੰਚ ਅਮਨਦੀਪ ਕੌਰ ਨੇ ਕਿਹਾ ਕਿ ਉਹ ਤਾਂ ਇਸ ਥਾਂ ਦੀ ਚਾਰਦੀਵਾਰੀ ਕਰ ਕੇ ਹੱਡਾਰੋੜੀ ਅਤੇ ਕੂੜੇ ਨੂੰ ਇੱਕ ਥਾਂ ਤੇ ਸਮੇਟਣ ਦਾ ਪ੍ਰਬੰਧ ਕਰ ਰਹੇ ਹਨ ਪਰ ਕੁੱਝ ਲੋਕ ਜਾਣਬੁੱਝ ਕੇ ਇਸ ਕੰਮ ਵਿੱਚ ਵੀ ਰਾਜਨੀਤੀ ਕਰ ਰਹੇ ਹਨ।

