
ਤਲਵੰਡੀ ਸਾਬੋ ਦੇ ਪਿੰਡ ਮਿਰਜ਼ੇਆਣਾ ਵਿਖੇ ਇਕ ਉਸਾਰੀ ਠੇਕੇਦਾਰ ਵੱਲੋਂ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਠੇਕੇਦਾਰ ਜਗਸੀਰ ਸਿੰਘ ਵਜੋਂ ਹੋਈ ਐ। ਮ੍ਰਿਤਕ ਨੇ ਫਾਹਾ ਲੈਣ ਤੋਂ ਪਹਿਲਾਂ ਵੀਡੀਓ ਬਣਾ ਕੇ ਕੋਠੀ ਮਾਲਕਾਂ ’ਤੇ ਕੋਠੀ ਪਵਾਉਣ ਬਾਅਦ ਧਮਕੀਆਂ ਦੇਣ ਦੇ ਇਲਜਾਮ ਲਾਏ ਨੇ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਲੜਕੀਆਂ ਤੇ ਇਕ ਲੜਕਾ ਛੱਡ ਗਿਆ ਐ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਮ੍ਰਿਤਕ ਵੱਲੋਂ ਲਾਏ ਇਲਜਾਮਾਂ ਮੁਤਾਬਕ ਤਲਵੰਡੀ ਸਾਬੋ ਦੇ ਪਿੰਡ ਮਿਰਜ਼ਿਆਣਾ ਵਿਖੇ ਇੱਕ ਸ਼ਖਸ ਨੇ ਪਹਿਲਾਂ ਉਸ ਤੋਂ ਠੇਕੇ ਤੇ ਕੋਠੀ ਪਵਾ ਲਈ ਜਦੋਂ ਕੰਮ ਖਤਮ ਹੋਣ ਲੱਗਿਆ ਅਤੇ ਪੈਸੇ ਦੇਣ ਦਾ ਸਮਾਂ ਆਇਆ ਤਾਂ ਕੋਠੀ ਮਾਲਕ ਨੇ ਆਪਣੀ ਕੋਠੀ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਤੇ ਠੇਕੇਦਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਤੰਗ ਆ ਕੇ ਠੇਕੇਦਾਰ ਜਗਸੀਰ ਸਿੰਘ ਨੇ ਪਹਿਲਾਂ ਵੀਡੀਓ ਬਣਾਈ ਤੇ ਆਪਣੀ ਮਿੱਤਰ ਮੰਡਲੀ ਦੇ ਗਰੁੱਪਾਂ ਵਿੱਚ ਸ਼ੇਅਰ ਕਰਨ ਤੋਂ ਬਾਅਦ ਖੇਤਾਂ ਵਿਚ ਜਾ ਕੇ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਸਬੰਧੀ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਵਾਰਸਾਂ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਕਿ ਪਿੰਡ ਮਿਰਜਿਆਣੇ ਦੇ ਇੱਕ ਵਿਅਕਤੀ ਨੇ ਉਸ ਤੋਂ ਕੋਠੀ ਪਵਾ ਕੇ ਪੈਸੇ ਦੇਣ ਦੀ ਬਜਾਏ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਤੰਗ ਆ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਤੇ ਉਹਨਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਤਲਵੰਡੀ ਸਾਬੋ ਦੇ ਮੁਖੀ ਹਰਬੰਸ ਸਿੰਘ ਨੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ।

