
ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਸੀਨੀਅਰ ਬੁਲਾਰਾ ਬਲਤੇਜ ਪੰਨੂ ਨੇ ਭਾਜਪਾ ਆਗੂ ਸੁਨੀਲ ਜਾਖੜ ‘ਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਆਪ ਆਗੂ ਨੇ ਉਨ੍ਹਾਂ ਦੇ ਕਾਂਗਰਸ ਵਿਚ ਮੁੱਖ ਮੰਤਰੀ ਦੀ ਕੁਰਸੀ ਦੀ ਬੋਲੀ ਬਾਰੇ ਦਿੱਤੇ ਬਿਆਨ ਦੇ ਹਵਾਲੇ ਨਾਲ ਜਵਾਬ ਮੰਗਿਆ ਐ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਕਾਂਗਰਸ ਦੇ ਪੰਜਾਬ ਪ੍ਰਧਾਨ ਰਹਿ ਚੁੱਕੇ ਨੇ, ਇਸ ਲਈ ਉਨ੍ਹਾਂ ਨੂੰ ਸਾਰੀ ਸੱਚਾਈ ਪਤਾ ਐ।
ਉਨ੍ਹਾਂ ਕਿਹਾ ਕਿ ਪਹਿਲਾਂ ਨਵਜੋਤ ਕੌਰ ਸਿੱਧੂ ਦਾ ਬਿਆਨ ਆਇਆ ਕਿ ਉਨ੍ਹਾਂ ਕੋਲ ਸੀਐਮ ਦਾ ਚਿਹਰਾ ਬਣਨ ਲਈ 500 ਕਰੋੜ ਰੁਪਏ ਨਹੀਂ ਹਨ। ਇਸ ਤੋਂ ਬਾਅਦ ਅੱਜ ਸੁਨੀਲ ਜਾਖੜ ਸਾਹਿਬ ਦਾ ਬਿਆਨ ਆਇਆ ਕਿ ਕਾਂਗਰਸ ਵਿੱਚ ਸਾਢੇ ਤਿੰਨ ਸੌ ਕਰੋੜ ਰੁਪਏ ਦੇ ਕੇ ਸੀਐਮ ਦੀ ਕੁਰਸੀ ਵੇਚੀ ਗਈ ਸੀ। ਪੰਨੂ ਨੇ ਤੰਜ਼ ਕਸਦਿਆਂ ਕਿਹਾ ਕਿ ਜਾਖੜ ਸਾਹਿਬ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਿਤੋਂ ਪਤਾ ਲੱਗਾ ਸੀ, ਪਰ ਉਹ ਅਜੇ ਵੀ ਸਾਫ਼ ਨਹੀਂ ਕਰ ਰਹੇ ਕਿ ਉਸ ਵੇਲੇ ਉਹ ਆਪ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਨੂੰ ਕਿਸੇ ਸੁਣੀ-ਸੁਣਾਈ ਗੱਲ ‘ਤੇ ਭਰੋਸਾ ਕਰਨ ਦੀ ਲੋੜ ਨਹੀਂ ਸੀ, ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਪਤਾ ਸੀ ਕਿ ਸਾਢੇ ਤਿੰਨ ਸੌ ਕਰੋੜ ਰੁਪਏ ਵਿੱਚ ਕੁਰਸੀ ਵਿਕੀ ਸੀ। ਇਸੇ ਕਰਕੇ ਉਹ ਇੰਨੇ ਯਕੀਨ ਨਾਲ ਇਹ ਗੱਲ ਕਹਿ ਰਹੇ ਹਨ।
ਉਨ੍ਹਾਂ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਜਾਖੜ ਸਾਹਿਬ ਸਾਫ਼ ਕਰਨ ਕਿ ਕੀ ਪ੍ਰਧਾਨ ਹੁੰਦਿਆਂ ਉਨ੍ਹਾਂ ਨੂੰ ਇਹ ਸਭ ਪਤਾ ਸੀ? ਕੀ ਇਸੇ ਕਰਕੇ ਉਨ੍ਹਾਂ ਦੀ ਵਾਰੀ ਨਹੀਂ ਆਈ ਕਿਉਂਕਿ ਉਸ ਵੇਲੇ ਸਾਢੇ ਤਿੰਨ ਸੌ ਕਰੋੜ ਵਿੱਚ ਕੁਰਸੀ ਵਿਕੀ ਸੀ? ਅਤੇ ਅੱਜ ਮਹਿੰਗਾਈ ਕਰਕੇ ਉਹਦਾ ਰੇਟ ਵਧ ਕੇ 500 ਕਰੋੜ ਹੋ ਗਿਆ, ਜਿਵੇਂ ਕਿ ਨਵਜੋਤ ਕੌਰ ਸਿੱਧੂ ਕਹਿ ਰਹੇ ਹਨ।
‘ਆਪ’ ਆਗੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਕਿਸੇ ਪਾਰਟੀ ਵਿੱਚ ਸਾਢੇ ਤਿੰਨ ਸੌ ਕਰੋੜ ਜਾਂ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਵਿਕੂਗੀ, ਤਾਂ ਉਹ ਭ੍ਰਿਸ਼ਟਾਚਾਰ ਦੀ ਡੂੰਘੀ ਨੀਂਹ ਰੱਖੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਕਾਂਗਰਸ ‘ਤੇ ਦੁਬਾਰਾ ਭਰੋਸਾ ਕੀਤਾ, ਤਾਂ ਇਸਦਾ ਮਤਲਬ ਇਹ ਹੋਵੇਗਾ ਕਿ 500 ਕਰੋੜ ਦੇ ਕੇ ਮੁੱਖ ਮੰਤਰੀ ਬਣਿਆ ਬੰਦਾ ਅੱਗੇ ਪਤਾ ਨਹੀਂ ਕਿੰਨੇ ਜ਼ੀਰੋ ਹੋਰ ਲਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਭਾਜਪਾ ਵਰਗੀਆਂ ਪਾਰਟੀਆਂ ਦੇ ਕਾਰਨਾਮਿਆਂ ਤੋਂ ਜਾਣੂ ਹੋ ਚੁੱਕੇ ਨੇ, ਇਸ ਲਈ ਇਨ੍ਹਾਂ ਆਗੂਆਂ ਨੂੰ ਆਪਣੇ ਸੱਤਾ ਵਿਚ ਆਉਣ ਦੇ ਸੁਪਨੇ ਛੱਡ ਦੇਣੇ ਚਾਹੀਦੇ ਨੇ।

