
ਫਰੀਦਕੋਟ ਪੁਲਿਸ ਨੇ ਪਤਨੀ ਵੱਲੋਂ ਪਤੀ ਦਾ ਕਤਲ ਮਾਮਲੇ ਵਿਚ ਤੀਜੇ ਮੁਲਜਮ ਨੂੰ ਵੀ ਗ੍ਰਿਫਤਾਰ ਕਰ ਲਿਆ ਐ। ਪੁਲਿਸ ਵੱਲੋਂ ਦੋਸ਼ੀ ਪਤਨੀ ਰੁਪਿੰਦਰ ਕੌਰ ਤੇ ਉਸ ਦੇ ਪ੍ਰੇਮੀ ਹਰਕੰਵਲ ਪ੍ਰੀਤ ਨੂੰ ਪਹਿਲਾਂ ਵੀ ਕਾਬੂ ਕਰ ਲਿਆ ਸੀ ਜਦਕਿ ਇਨ੍ਹਾਂ ਦਾ ਤੀਜਾ ਦੋਸ਼ੀ ਸ਼ਿਵਜੀਤ ਸਿੰਘ ਮੁੰਬਈ ਫਰਾਰ ਹੋ ਗਿਆ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਐ। ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਗੁਰਵਿੰਦਰ ਸਿੰਘ ਦਾ ਅੰਤਮ ਸਸਕਾਰ ਕਰ ਦਿੱਤਾ ਐ।
ਦੱਸਣਯੋਗ ਐ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਮਾਮਲੇ ਵਿਚ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਸ਼ੰਕਾ ਜਾਹਰ ਕਰਦਿਆਂ ਮ੍ਰਿਤਕ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਦ ਪੁਲਿਸ ਵੱਲੋਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਜਦੋਂ ਹਰਕਵਲ ਪ੍ਰੀਤ ਸਿੰਘ ਦੇ ਪਰਿਵਾਰ ਤੋਂ ਦਬਾਅ ਪਾਇਆ ਗਿਆ ਤਾਂ ਮਜਬੂਰਨ ਹਰਕਵਲਪ੍ਰੀਤ ਨੂੰ ਅਦਾਲਤ ਵਿੱਚ ਸਰੰਡਰ ਕਰਨਾ ਪਿਆ। ਇਸ ਤੋਂ ਬਾਅਦ ਲਗਾਤਾਰ ਕੀਤੀ ਪੁੱਛਗਿੱਛ ਦੌਰਾਨ ਇਹਨਾਂ ਦੇ ਇੱਕ ਹੋਰ ਸਾਥੀ ਦੀ ਪਛਾਣ ਹੋਈ, ਜਿਸ ਨੂੰ ਕੱਲ ਰਾਤ ਗ੍ਰਿਫਤਾਰ ਕਰ ਲਿਆ ਐ। ਜਿਸ ਤੋਂ ਬਾਅਦ ਅੱਜ ਸਵੇਰੇ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਐਸਐਸਪੀ ਫਰੀਦਕੋਟ ਵੱਲੋਂ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਰੁਪਿੰਦਰ ਕੌਰ ਅਤੇ ਹਰਕਵਲਪ੍ਰੀਤ ਸਿੰਘ ਵੱਲੋਂ ਪਹਿਲਾਂ ਗੁਰਵਿੰਦਰ ਸਿੰਘ ਨੂੰ ਕੁਝ ਜਹਰੀਲੀ ਚੀਜ਼ ਦਿੱਤੀ ਗਈ ਜਿਸ ਨਾਲ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਗਿਆ ਅਤੇ ਬਾਅਦ ਵਿੱਚ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਦਾ ਤੀਸਰਾ ਸਾਥੀ ਸ਼ਿਵਜੀਤ ਸਿੰਘ ਉਹ ਵੀ ਮੁੰਬਈ ਫਰਾਰ ਹੋ ਗਿਆ ਸੀ ਜਿਸ ਨੂੰ ਕੱਲ ਰਾਤ ਗਿਰਫਤਾਰ ਕਰ ਲਿਆ। ਉਸ ਵੱਲੋਂ ਜਿਸ ਕਾਰ ਦਾ ਇਸਤੇਮਾਲ ਕੀਤਾ ਗਿਆ ਸੀ, ਉਹ ਕਾਰ ਵੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਿਵਜੀਤ ਸਿੰਘ ਜੋ ਕਿ ਹਰਕਵਲਜੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਬਾਹਰ ਗੱਡੀ ਵਿੱਚ ਬੈਠਾ ਰਿਹਾ ਅਤੇ ਬਾਅਦ ਵਿੱਚ ਘਟਨਾ ਤੋਂ ਬਾਅਦ ਉਸ ਨੂੰ ਲੈ ਕੇ ਉਥੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਸਾਰੇ ਦੋਸ਼ੀ ਗਿਰਫਤਾਰ ਕਰ ਲਏ ਜਾ ਚੁੱਕੇ ਹਨ ਪਰ ਘਟਨਾ ਨੂੰ ਚੋਰੀ ਦਾ ਰੂਪ ਦੇਣ ਲਈ ਘਰ ਦੇ ਕੁੱਝ ਗਹਿਣੇ ਹਰਕਵਲ ਆਪਣੇ ਨਾਲ ਲੈ ਗਿਆ ਸੀ ਜਿਨ੍ਹਾਂ ਨੂੰ ਉਸਦੀ ਨਿਸ਼ਾਨਦੇਹੀ ਤੇ ਬਰਾਮਦ ਕਰ ਲਿਆ ਜਾਵੇਗਾ।

