ਮਾਨਸਾ ਡੀਸੀ ਦਫਤਰ ਅੱਗੇ ਕਿਸਾਨਾਂ ਦਾ ਪ੍ਰਦਰਸ਼ਨ; ਦਫਤਰ ਅੱਗੇ ਝੋਨਾ ਲਾਹ ਕੇ ਕੀਤੀ ਨਾਅਰੇਬਾਜ਼ੀ; ਝੋਨੇ ਦੀ ਖਰੀਦ ਤਕ ਧਰਨਾ ਜਾਰੀ ਰੱਖਣ ਐਲਾਨ

0
12

  

ਪੰਜਾਬ ਦੇ ਕੁੱਝ ਇਲਾਕਿਆਂ ਅੰਦਰ ਝੋਨੇ ਦੀ ਖਰੀਦ ਨਾ ਹੋਣ ਦੇ ਚਲਦਿਆਂ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਐ। ਇਸੇ ਤਹਿਤ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਕਿਸਾਨਾਂ ਨੇ ਝੋਨਾ ਢੇਰੀ ਕਰ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਇਲਜਾਮ ਸੀ ਕਿ ਸਰਕਾਰ ਵੱਲੋਂ ਮੰਡੀਆਂ ਵਿਚੋਂ ਝੋਨੇ ਦੀ ਖਰੀਦ ਨਹੀਂ ਕੀਤੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮਜਬੂਰੀਵੱਸ ਡੀਸੀ ਦਫਤਰ ਅੱਗੇ ਝੋਨਾ ਲਾਹੁਣਾ ਪਿਆ ਐ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਰਹਿੰਦੇ ਝੋਨੇ ਦੀ ਖਰੀਦ ਨਹੀਂ ਹੁੰਦੀ, ਧਰਨਾ ਪ੍ਰਦਰਸਨ ਜਾਰੀ ਰਹੇਗਾ।

ਦੱਸਣਯੋਗ ਐ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕੀਤੇ ਜਾਣ ਤੋਂ ਬਾਅਦ ਵੀ ਕੁੱਝ ਥਾਵਾਂ ਤੇ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਦੇ ਵਿੱਚ ਕਿਸਾਨ ਝੋਨੇ ਦੀਆਂ ਭਰੀਆਂ ਟਰਾਲੀਆਂ ਲੈ ਕੇ ਪਹੁੰਚੇ ਤੇ ਕਿਸਾਨਾਂ ਨੇ ਆਪਣਾ ਝੋਨਾ ਸੜਕਾਂ ਤੇ ਕਚਹਿਰੀ ਦੇ ਵਿੱਚ ਉਤਾਰ ਦਿੱਤਾ ਤੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਲੱਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਬੰਦ ਕੀਤੇ ਜਾਣ ਤੋਂ ਬਾਅਦ ਕਿਸਾਨ ਆਪਣਾ ਝੋਨਾ ਵੇਚਣ ਦੇ ਲਈ ਪਰੇਸ਼ਾਨ ਹੋ ਰਹੇ ਨੇ ਪਰ ਮੰਡੀਆਂ ਦੇ ਵਿੱਚ ਉਹਨਾਂ ਦਾ ਝੋਨਾ ਨਹੀਂ ਖਰੀਦਿਆ ਜਾ ਰਿਹਾ ਜਦੋਂ ਕਿ ਸੈਲਰ ਮਾਲਕ ਕਿਸਾਨਾਂ ਤੋਂ ਕਾਟ ’ਤੇ ਝੋਨਾ ਖਰੀਦਣ ਦੇ ਲਈ ਤਿਆਰ ਨੇ ਅਤੇ ਕਿਸਾਨਾਂ ਦੀ ਲੁੱਟ ਕਰਨਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਕਈ ਕਿਸਾਨਾਂ ਦੇ ਅਜੇ ਖੇਤਾਂ ਦੇ ਵਿੱਚ ਵੀ ਝੋਨਾ ਖੜਾ ਹੈ ਤੇ ਕਈ ਕਿਸਾਨ ਆਪਣੇ ਘਰਾਂ ਦੇ ਵਿੱਚ ਝੋਨਾ ਉਤਾਰ ਕੇ ਬੈਠੇ ਹੋਏ ਨੇ ਪਰ ਹੁਣ ਸਮੱਸਿਆ ਮੰਡੀਆਂ ਦੇ ਵਿੱਚ ਝੋਨਾ ਵੇਚਣ ਦੀ ਆ ਰਹੀ ਹੈ ਜਿਸ ਕਾਰਨ ਅੱਜ ਮਜਬੂਰ ਹੋ ਕੇ ਕਿਸਾਨ ਡੀਸੀ ਦਫਤਰ ਦੇ ਬਾਹਰ ਝੋਨਾ ਲੈ ਕੇ ਪਹੁੰਚੇ ਨੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਇਸ ਝੋਨੇ ਨੂੰ ਨਾ ਖਰੀਦਿਆ ਗਿਆ ਤਾਂ ਕਿਸਾਨ ਡੀਸੀ ਦਫਤਰ ਦੇ ਬਾਹਰ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰੱਖਣਗੇ।

LEAVE A REPLY

Please enter your comment!
Please enter your name here