
ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਸਖਤੀ ਦੇ ਬਾਵਜੂਦ ਨੌਜਵਾਨਾਂ ਦੀਆਂ ਮੌਤਾਂ ਸਿਲਸਿਲਾ ਰੁਕ ਨਹੀਂ ਰਿਹਾ। ਤਾਜ਼ਾ ਮਾਮਲਾ ਬਠਿੰਡਾ ਦੇ ਪ੍ਰਤਾਪ ਨਗਰ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਐ। ਮ੍ਰਿਤਕ ਦੀ ਲਾਸ਼ ਘਰ ਦੇ ਕਮਰੇ ਵਿਚੋਂ ਮਿਲੀ ਐ, ਜਿਸ ਦੇ ਕੋਲ ਇਕ ਸਰਿੰਜ ਵੀ ਪਈ ਸੀ।
ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਦੇ ਗੁਪਤ ਅੰਗਾਂ ’ਚ ਸਰਿੰਜ ਫਸੀ ਹੋਈ ਸੀ, ਜਿਸ ਨਾਲ ਇਹ ਸ਼ੱਕ ਮਜ਼ਬੂਤ ਹੁੰਦਾ ਹੈ ਕਿ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਸੀ। ਪੁਲਿਸ ਅਨੁਸਾਰ ਸੁਖਚੈਨ ਸਿੰਘ ਇਕੱਲਾ ਰਹਿੰਦਾ ਸੀ ਅਤੇ ਆਪਣੇ ਘਰ ਦਾ ਇਕ ਕਮਰਾ ਕਿਰਾਏ ’ਤੇ ਦੇਣ ਦੀ ਤਿਆਰੀ ਕਰ ਰਿਹਾ ਸੀ। ਕਿਰਾਏਦਾਰ ਦੇ ਆਉਣ ’ਤੇ ਹੀ ਇਸਦੀ ਮੌਤ ਬਾਰੇ ਪਤਾ ਲੱਗਿਆ।
ਪੁਲਿਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਇਲਾਕੇ ’ਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਲੋਕਾਂ ’ਚ ਰੋਸ ਐ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਿਆਂ ਖਿਲਾਫ ਹੋਰ ਸਖਤੀ ਦੀ ਮੰਗ ਕੀਤੀ ਐ।

