
ਅੰਮ੍ਰਿਤਸਰ ਵਿਖੇ ਇਕ ਵਿਆਹ ਸਮਾਗਮ ਦੌਰਾਨ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਹੋਣ ਦੀ ਖਬਰ ਐ। ਘਟਨਾ ਸ਼ਹਿਰ ਦੇ ਝਬਾਲ ਰੋਡ ਤੇ ਸਥਿਤ ਬੀਡੀਐਸ ਫਾਰਮ ਦੀ ਐ, ਜਿੱਥੇ ਗੁਰੂ ਨਾਨਕਪੁਰਾ ਵਾਸੀ ਪਰਿਵਾਰ ਦੀ ਲੜਕੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਇਸੇ ਦੌਰਾਨ ਸੂਟ-ਬੂਟ ਪਹਿਣ ਕੇ ਆਏ ਚੋਰ 5 ਲੱਖ ਕੀਮਤ ਦੇ ਗਹਿਣੇ ਤੇ ਡੇਢ ਲੱਖ ਰੁਪਏ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਚੋਰਾਂ ਦੀ ਸਾਰੀ ਕਰਤੂਤ ਪੈਲੇਸ ਅੰਦਰ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਐ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।
ਦੱਸਣਯੋਗ ਐ ਕਿ ਸ਼ਹਿਰ ਅੰਦਰ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ। ਪਿਛਲੇ 10 ਦਿਨਾਂ ਦੌਰਾਨ ਸ਼ਹਿਰ ਵਿਚ ਵਾਪਰੀ ਇਹ ਤੀਜੀ ਘਟਨਾ ਐ। ਜਾਣਕਾਰੀ ਅਨੁਸਾਰ ਇਹ ਲੋਕ ਮਹਿਮਾਨਾਂ ਵਾਂਗ ਸੂਟ-ਬੂਟ ਪਾ ਕੇ ਆਉਂਦੇ ਹਨ ਅਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੁੰਦਾ। ਥਾਣਾ ਗੇਟ ਹਕੀਮਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਪੁਲਿਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਧਰ, ਪੀੜਤ ਪਰਿਵਾਰ ਦੇ ਨਾਲ ਖੜ੍ਹੇ ਸਮਾਜ ਸੇਵੀ ਰਣਧੀਰ ਸਿੰਘ ਗੋਰਾ ਰੰਧਾਵਾ ਨੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਆਮ ਨਾਗਰਿਕਾਂ ਨੂੰ ਵੀ ਅਜਿਹੇ ਮੌਕੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਅਜਿਹੇ ਮਾਹੌਲ ‘ਚ ਹਰ ਕਿਸੇ ‘ਤੇ ਨਜ਼ਰ ਰੱਖਣੀ ਮੁਸ਼ਕਿਲ ਹੁੰਦੀ ਹੈ, ਇਸ ਲਈ ਲੋਕਾਂ ਨੂੰ ਆਪਣੇ ਸਮਾਨ ਅਤੇ ਨਕਦੀ ਦਾ ਧਿਆਨ ਰੱਖਣਾ ਚਾਹੀਦਾ ਹੈ।

