
ਮੋਗਾ ਦੇ ਪਿੰਡ ਘੋਲਿਆ ਖੁਰਦ ਵਿਖੇ ਵਿਲੱਖਣ ਕਿਸਮ ਦਾ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਐ। ਇੱਥੇ ਵਿਹਲਾ ਰਹਿਣ ਦਾ ਮੁਕਾਬਲਾ ਕਰਵਾਇਆ ਗਿਆ ਐ, ਜਿਸ ਵਿਚ 55 ਲੋਕਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ 2 ਜਣੇ ਜੇਤੂ ਕਰਾਰ ਦਿੱਤੇ ਗਏ ਨੇ। ਇਸ ਮੁਕਾਬਲੇ ਦਾ ਮਕਸਦ ਲੋਕਾਂ ਨੂੰ ਮੋਬਾਈਲ ਦੀ ਦੁਨੀਆਂ ਵਿਚੋਂ ਕੱਢ ਕੇ ਸਮਾਜਿਕ ਤੇ ਮਾਨਸਿਕ ਤੌਰ ਤੇ ਸਰਗਰਮ ਕਰਨਾ ਸੀ। ਮੋਬਾਈਲ ਤੋਂ ਬਿਨਾਂ ਸਭ ਤੋਂ ਵੱਧ ਸਮਾਂ ਕੱਟਣ ਵਾਲਿਆਂ ਨੂੰ ਜੇਤੂ ਐਲਾਨਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਾ ਸਿੰਘ ਨੇ ਦੱਸਿਆ ਕਿ ਅੱਜਕੱਲ੍ਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਮੋਬਾਈਲ ਵਿੱਚ ਵਿਅਸਤ ਹੈ। ਇਸ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਵੱਲੋਂ ਇਹ ਵਿਲੱਖਣ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਡਿਜ਼ਿਟਲ ਲਤ ਤੋਂ ਦੂਰ ਕੀਤਾ ਜਾ ਸਕੇ। ਇਸ ਮੁਕਾਬਲੇ ਵਿੱਚ ਹਰ ਉਮਰ ਦੇ ਲੋਕ ਹਿੱਸਾ ਲੈ ਸਕਦੇ ਹਨ। ਉਹਨਾਂ ਕਿਹਾ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਆਪਣੇ ਨਾਲ ਮੋਬਾਈਲ ਫ਼ੋਨ ਨਹੀਂ ਲਿਆ ਸਕਣਗੇ।
ਮੁਕਾਬਲੇ ਦੌਰਾਨ ਟਾਇਲਟ ਜਾਣਾ ਜਾਂ ਸੌਣਾ ਵੀ ਨਹੀਂ। ਉਹਨਾਂ ਕਿਹਾ ਕਿ ਇਸ ਮੁਕਾਬਲੇ ਦੇ ਵਿੱਚ 55 ਲੋਕਾਂ ਨੇ ਭਾਗ ਲਿਆ ਸੀ ਜਿਸ ਵਿੱਚ 53 ਲੋਕ ਇਸ ਮੁਕਾਬਲੇ ਤੋਂ ਬਾਹਰ ਹੋ ਗਏ ਜਦਕਿ ਦੋ ਵਿਅਕਤੀਆਂ ਨੂੰ ਇੱਕ ਇੱਕ ਸਾਈਕਲ 35-35 ਸੋ ਰੁਪਏ ਦੀ ਨਗਦ ਰਾਸ਼ੀ ਅਤੇ ਇੱਕ ਇਕ ਕਿਲੋ ਦੇਸੀ ਘਿਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜਿਹੜਾ ਤੀਸਰਾ ਜੇਤੂ ਸੀ ਉਸ ਨੂੰ ਵੀ 1500 ਦੀ ਨਗਦ ਰਾਸ਼ੀ ਅਤੇ ਇੱਕ ਕਿਲੋ ਦੇਸੀ ਘਿਓ ਦੇ ਕੇ ਸਨਮਾਨਿਤ ਕੀਤਾ ਗਿਆ।
ਮੁਕਾਬਲੇ ਬਾਰੇ ਆਪਣੀ ਰਾਇ ਦਿੰਦਿਆਂ ਜੇਤੂਆਂ ਨੇ ਕਿਹਾ ਕਿ ਅੱਜ ਸਾਨੂੰ ਵਿਹਲੇ ਬਹਿਣ ਦੇ ਮੁਕਾਬਲੇ ਦੇ ਵਿੱਚ ਜੋ ਹਿੱਸਾ ਲਿਆ ਸੀ ਉਸ ਵਿੱਚ ਅਸੀਂ ਦੋਨੇ ਹੀ ਸਾਂਝੇ ਜੇਤੂ ਹੋਏ ਹਾਂ ਜਦਕਿ ਦੋਨਾਂ ਨੂੰ ਇੱਕ-ਇੱਕ ਸਾਈਕਲ ਅਤੇ 35,35 ਸੌ ਰੁਪਏ ਨਗਦ ਰਾਸ਼ੀ ਅਤੇ ਇੱਕ ਇਕ ਕਿਲੋ ਦੇਸੀ ਘਿਓ ਦਾ ਡੱਬਾ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਇਹੋ ਜਿਹੇ ਉਪਰਾਲੇ ਹਰ ਪਿੰਡ ਵਿੱਚ ਹੋਣੇ ਚਾਹੀਦੇ ਆ ਤਾਂ ਜੋ ਲੋਕ ਮੋਬਾਇਲਾਂ ਤੋਂ ਦੂਰ ਰਹਿ ਸਕਣ।

