
ਤਰਨ ਤਾਰਨ ਪੁਲਿਸ ਨੇ ਅਦਾਲਤ ਵੱਲੋਂ ਰਿਹਾਅ ਕੀਤੀ ਕੰਚਨਪ੍ਰੀਤ ਕੌਰ ਮਾਮਲੇ ਨੂੰ ਉੱਚ ਅਦਾਲਤ ਵਿਚ ਚੁਨੌਤੀ ਦੇਣ ਦਾ ਐਲਾਨ ਕੀਤਾ ਐ। ਇਸ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਐਸਪੀ ਰਿਪੁਤਪਨ ਸਿੰਘ ਨੇ ਕਿਹਾ ਕਿ ਭਾਵੇਂ ਮਾਨਯੋਗ ਅਦਾਲਤ ਨੇ ਕੰਚਨਪ੍ਰੀਤ ਕੌਰ ਨੂੰ ਰਿਹਾਈ ਦੇ ਹੁਕਮ ਦਿੱਤੇ ਨੇ ਪਰ ਪੁਲਿਸ ਕੋਲ ਕੰਚਨਪ੍ਰੀਤ ਖਿਲਾਫ ਪੁਖਤਾ ਸਬੂਤ ਹਨ, ਜਿਨ੍ਹਾਂ ਦੇ ਅਧਾਰ ’ਤੇ ਪੁਲਿਸ ਉੱਚ ਅਦਾਲਤ ਤਕ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਐ।
ਦੱਸਣਯੋਗ ਐ ਕਿ ਤਰਨ ਤਾਰਨ ਪੁਲਿਸ ਨੇ ਕੰਚਨਪ੍ਰੀਤ ਨੂੰ ਉਸ ਵੇਲੇ ਹਿਰਾਸਤ ਵਿਚ ਲੈ ਲਿਆ ਸੀ, ਜਦੋਂ ਉਹ ਆਪਣੇ ਖਿਲਾਫ ਦਰਜ ਮਾਮਲਿਆਂ ਦੀ ਜਾਂਚ ਲਈ ਪੁਲਿਸ ਥਾਣੇ ਆਈ ਸੀ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਉਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਪਾਰਟੀ ਨੇ ਮਾਮਲੇ ਨੂੰ ਅਦਾਲਤ ਵਿਚ ਚੁਨੌਤੀ ਦੀ ਦਿੱਤੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਕੰਚਨਪ੍ਰੀਤ ਨੂੰ ਰਿਹਾਅ ਕਰਨ ਦੇ ਹੁਕਮ ਸੁਣਾਏ ਸਨ। ਹੁਣ ਪੁਲਿਸ ਨੇ ਇਨ੍ਹਾਂ ਹੁਕਮਾਂ ਨੂੰ ਉਚ ਅਦਾਲਤ ਵਿਚ ਚੁਨੌਤੀ ਦੇਣ ਦੀ ਗੱਲ ਕਹੀ ਐ।
ਖਬਰਾਂ ਮੁਤਾਬਕ ਪੁਲਿਸ ਨੇ ਕੰਚਨਪ੍ਰੀਤ ’ਤੇ ਆਪਣੇ ਪਤੀ ਅੰਮ੍ਰਿਤਪਾਲ ਬਾਠ ਦੀਆਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਇਲਜਾਮ ਲਾਏ ਗਏ ਹਨ। ਤਰਨ ਤਾਰਨ ਪੁਲਿਸ ਨੇ ਕੰਚਨਪ੍ਰੀਤ ਕੌਰ ਵਿਰੁੱਧ 5 ਮਾਮਲੇ ਦਰਜ ਹਨ, ਜਦਕਿ ਪੁਲਿਸ ਰਿਕਾਰਡ ਵਿਚ ਉਸ ਦੇ ਪਤੀ ਅੰਮ੍ਰਿਤਪਾਲ ਬਾਠ ਵਿਰੁੱਧ 17 ਮਾਮਲੇ ਦਰਜ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਸੁਪਰਡੈਂਟ (ਐਸਪੀ) ਜਾਂਚ ਤਰਨ ਤਾਰਨ ਰਿਪੁਤਪਨ ਸਿੰਘ ਨੇ ਕਿਹਾ ਕਿ ਪੁਲਿਸ ਤਰਨਤਾਰਨ ਦੇ ਥਾਣਾ ਝਬਾਲ ਵਿਖੇ ਦਰਜ ਐਫਆਈਆਰ ਨੰਬਰ 208/25 ਮਾਮਲੇ ਵਿੱਚ ਕਾਨੂੰਨ ਅਨੁਸਾਰ ਅੱਗੇ ਜਾਂਚ ਕਰੇਗੀ। ਉਹਨਾਂ ਕਿਹਾ ਕਿ ਪੁਲਿਸ ਕੋਲ ਕਾਨੂੰਨ ਅਨੁਸਾਰ ਅਪੀਲ ਕਰਨ ਲਈ ਕਾਫ਼ੀ ਸਬੂਤ ਹਨ ਅਤੇ ਮਾਣਯੋਗ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਕੀਤੀ ਜਾਵੇਗੀ ਤੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।

