
ਗੁਰਦਾਸਪੁਰ ਦੇ ਜਹਾਜ ਚੌਂਕ ਨੇੜੇ ਮੋਟਰ ਸਾਇਕਲ ਸਵਾਰਾਂ ਵੱਲੋਂ ਦੁਕਾਨਦਾਰ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਐ। ਇੱਥੇ ਦੁਕਾਨ ਅੰਦਰ ਦਾਖਲ ਹੋਇਆ ਨੌਜਵਾਨ ਦੁਕਾਨਦਾਰ ਦੀ ਕਨਪੱਟੀ ’ਤੇ ਪਿਸਟਲ ਰੱਖ ਕੇ ਗੱਲੇ ਵਿਚੋਂ 10 ਹਜ਼ਾਰ ਲੁੱਟ ਕੇ ਫਰਾਰ ਹੋ ਗਿਆ। ਦੁਕਾਨਦਾਰ ਦੇ ਦੱਸਣ ਮੁਤਾਬਕ ਇਕ ਨਕਾਬਪੋਸ਼ ਬਾਹਰ ਮੋਟਰ ਸਾਇਕਲ ਲੈ ਕੇ ਖੜਾ ਸੀ ਜਦਕਿ ਦੂਜੇ ਨੇ ਦੁਕਾਨ ਅੰਦਰ ਦਾਖਲ ਹੋ ਕੇ ਲੁੱਟ ਨੂੰ ਅੰਜ਼ਾਮ ਦਿੱਤਾ ਤੇ ਫਰਾਰ ਹੋ ਗਏ। ਪੁਲਿਸ ਨੇ ਦੁਕਾਨਦਾਰ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ ਜਹਾਜ ਚੌਂਕ ਨੇੜੇ ਸਿਵਲ ਲਾਈਨ ਏਰੀਆ ਦੀ ਐ। ਇੱਥੇ ਅਰੁਣ ਦੱਤਾ ਨਾਮਕ ਵਿਅਕਤੀ ਦੀ ਕਨਫੈਕਸ਼ਨਰੀ ਦੀ ਦੁਕਾਨ ਉਤੇ ਦੋ ਮੋਟਰਸਾਈਕਲ ਸਵਾਰ 10 ਹਜ਼ਾਰ ਲੁੱਟ ਕੇ ਫਰਾਰ ਹੋ ਗਏ। ਦੁਕਾਨ ਮਾਲਕ ਅਰੁਣ ਦੱਤਾ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਅਤੇ ਉਹਨਾਂ ਵਿੱਚੋਂ ਇੱਕ ਬਾਹਰ ਮੋਟਰਸਾਈਕਲ ਤੇ ਹੀ ਖੜਾ ਰਿਹਾ ਜਦਕਿ ਇੱਕ ਨੇ ਉਸ ਦੀ ਦੁਕਾਨ ਦੇ ਅੰਦਰ ਆ ਕੇ ਉਸਦੀ ਕਨਪੱਟੀ ਤੇ ਪਿਸਤੋਲ ਕੋਕ ਕਰਕੇ ਰੱਖ ਦਿੱਤੀ। ਪਹਿਲਾਂ ਉਸਨੇ ਸਮਝਿਆ ਕਿ ਕੋਈ ਜਾਣਕਾਰ ਨੌਜਵਾਨ ਉਸ ਨਾਲ ਮਜ਼ਾਕ ਕਰ ਰਿਹਾ ਹੈ ਪਰ ਜਦੋਂ ਉਸ ਨੇ ਕਿਹਾ ਕਿ ਜੋ ਵੀ ਹੈ ਕੱਢਦੇ ਨਹੀਂ ਤਾਂ ਗੋਲੀ ਚਲਾ ਦਵੇਗਾ ਤਾਂ ਉਹ ਡਰ ਗਿਆ। ਇੰਨੇ ਨੂੰ ਨੌਜਵਾਨ ਨੇ ਆਪ ਹੀ ਦੁਕਾਨਦਾਰ ਗੱਲਾਂ ਖੋਲਿਆ ਤੇ ਗੱਲੇ ਵਿੱਚ ਪਈ ਸਾਰੀ ਨਗਦੀ ਇਕੱਠੀ ਕਰਕੇ ਜੇਬ ਵਿੱਚ ਪਾ ਕੇ ਲੈ ਗਿਆ।
ਉਸ ਨੇ ਦੱਸਿਆ ਕਿ ਗੱਲੇ ਵਿੱਚ ਉਸਦੇ ਸਾਰੇ ਦਿਨ ਦੀ ਕਮਾਈ ਕਰੀਬ 10 ਹਜ਼ਾਰ ਰੁਪਏ ਸਨ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਐ, ਖਾਸ ਕਰ ਕੇ ਕਾਰੋਬਾਰੀ ਡਰੇ ਹੋਏ ਹਨ। ਦੁਕਾਨਦਾਰ ਦੇ ਦੱਸਣ ਮੁਤਾਬਕ ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਦੱਸਣਯੋਗ ਐ ਕਿ ਇਹ ਇਲਾਕਾ ਪਾਸ਼ ਏਰੀਏ ਵਿਚ ਪੈਦਾ ਐ। ਇੱਥੇ ਕੁਝ ਹੀ ਦੂਰੀ ਤੇ ਪੰਚਾਇਤ ਭਵਨ ਚੌਂਕ ਐ, ਜਿੱਥੇ ਜੱਜਾਂ ਅਤੇ ਪੁਲਿਸ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਵੀ ਹਨ। ਇੰਨਾ ਪਾਸ਼ ਏਰੀਏ ਹੋਣ ਦੇ ਬਾਵਜੂਦ ਲੁਟੇਰੇ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਗਏ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

